
ਭਾਜਪਾ ਤੇ ਆਰ.ਐਸ.ਐਸ ਦੀਆਂ ਸ਼ਾਂਤੀ ਭੰਗ ਕਰਨ ਵਾਲੀਆਂ ਕੋਸ਼ਿਸ਼ਾਂ ਨਿੰਦਣਯੋਗ : ਸੰਯੁਕਤ ਕਿਸਾਨ ਮੋਰਚਾ
ਟਿਕਰੀ ਬਾਰਡਰ ’ਤੇ ਹਾਦਸੇ ’ਚ ਮਾਰੀਆਂ ਗਈਆਂ
ਨਵੀਂ ਦਿੱਲੀ, 28 ਅਕਤੁਬਰ (ਸੁਖਰਾਜ ਸਿੰਘ) : ‘ਹਿੰਦ ਮਜ਼ਦੂਰ ਕਿਸਾਨ ਸਮਿਤੀ’ ਦੀ ਅਗਵਾਈ ਵਾਲੇ ਭਾਜਪਾ ਤੇ ਆਰ.ਐਸ.ਐਸ ਦੇ ਗੁੰਡੇ ਜਿਨ੍ਹਾਂ ਨੇ ਪਿਛਲੇ ਸਮੇਂ ਵਿਚ ਮੋਦੀ ਸਰਕਾਰ ਦੇ ਕਾਰਪੋਰੇਟ ਪੱਖੀ ਕਿਸਾਨ ਵਿਰੋਧੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ, ਨੂੰ ਦਿੱਲੀ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਆਉਣ ਤੋਂ ਬਾਅਦ ਸਿੰਘੂ ਬਾਰਡਰ ਵਲ ਵੱਧਣ ਤੋਂ ਰੋਕ ਦਿਤਾ। ਉਹ ਜ਼ਾਹਰ ਤੌਰ ’ਤੇ ਲਖਬੀਰ ਸਿੰਘ ਲਈ ਇਨਸਾਫ਼ ਦੀ ਮੰਗ ਕਰ ਰਹੇ ਸਨ, ਜਿਸ ਦਾ 15 ਅਕਤੂਬਰ ਨੂੰ ਸਿੰਘੂ ਬਾਰਡਰ ’ਤੇ ਕੁਝ ਨਿਹੰਗ ਸਿੱਖਾਂ ਵਲੋਂ ਕਤਲ ਕਰ ਦਿਤਾ ਗਿਆ ਸੀ। ਐਸਕੇਐਮ ਨੇ ਭਾਜਪਾ-ਆਰ.ਐਸ.ਐਸ ਅਤੇ ਇਸ ਦੀਆਂ ਫਰੰਟ ਏਜੰਸੀਆਂ ਦੁਆਰਾ ਮੋਰਚੇ ਵਾਲੀਆਂ ਥਾਵਾਂ ’ਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਤੋਂ ਬਚਣ ਲਈ ਕਿਹਾ ਹੈ। ਐਸਕੇਐਮ ਇਕ ਵਾਰ ਫਿਰ ਮੰਗ ਕਰਦੀ ਹੈ ਕਿ ਲਖਬੀਰ ਸਿੰਘ ਦੇ ਬੇਰਹਿਮ ਕਤਲ ਨਾਲ ਸਬੰਧਤ ਸਾਰੀ ਘਟਨਾ ਦੀ ਸਰਬਉੱਚ ਅਦਾਲਤ ਦੇ ਮੌਜੂਦਾ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕਿਸਾਨ ਅੰਦੋਲਨ ਨੂੰ ਜਨਤਕ ਖੇਤਰ ਵਿੱਚ ਉਭਰਨ ਲਈ ਬਦਨਾਮ ਕਰਨ ਅਤੇ ਹਮਲਾ ਕਰਨ ਦੀ ਸਾਰੀ ਸਾਜ਼ਿਸ਼ ਹੈ। ਅੱਜ ਸਵੇਰੇ ਮੰਦਭਾਗੇ ਘਟਨਾਕ੍ਰਮ ਵਿਚ ਟਿਕਰੀ ਬਾਰਡਰ ’ਤੇ ਇਕ ਟਿੱਪਰ ਟਰੱਕ ਦੁਆਰਾ ਕੁਚਲੇ ਜਾਣ ਕਾਰਨ ਤਿੰਨ ਕਿਸਾਨ ਔਰਤਾਂ ਦੀ ਮੌਤ ਹੋ ਗਈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਮੋਰਚਿਆਂ ’ਚ ਸ਼ਹੀਦ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਦਿਤੀ ਅਤੇ ਜ਼ਖ਼ਮੀਆਂ ਦੀ ਜਲਦ ਤੰਦਰੁਸਤੀ ਦੀ ਕਾਮਨਾ ਕੀਤੀ। ਮੋਰਚਾ ਨੇ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਸਾਨਾਂ ਵਲੋਂ ਅਗਾਊਂ ਵਿਰੋਧ ਦੀ ਚਿਤਾਵਨੀ ਕਾਰਨ ਪੰਜਾਬ ਦੀ ਇਕ ਨਿਜੀ ਯੂਨੀਵਰਸਿਟੀ ’ਚ ਆਉਣ ਦਾ ਪ੍ਰੋਗਰਾਮ ਰੱਦ ਦਿਤਾ। ਕਿਸਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਸਨ। ਯੂਨੀਵਰਸਿਟੀ ਨੇ ਵੀ ਕਿਸਾਨਾਂ ਤੋਂ ਮੁਆਫ਼ੀ ਮੰਗੀ ਹੈ। ਪਤਾ ਲੱਗਾ ਹੈ ਕਿ ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੇ ਅਣਪਛਾਤੇ ਪਰਵਾਸੀ ਭਾਰਤੀ ਸਮਰਥਕਾਂ ਦੇ ਓ.ਸੀ.ਆਈ (ਉਵਰਸੀਜ਼ ਸਿਟੀਜ਼ਨਜ਼ ਆਫ਼ ਇੰਡੀਆ) ਕਾਰਡ ਅਤੇ ਲੰਬੇ ਸਮੇਂ ਦੇ ਵੀਜ਼ੇ ਰੱਦ ਕਰ ਦਿਤੇ ਹਨ। ਭਾਰਤ ਸਰਕਾਰ ਅਨੁਸਾਰ, ਉਹ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਸਨ।