
ਪਾਰਟੀ ਅਤੇ ਸਰਕਾਰ 'ਚ ਬਿਹਤਰ ਤਾਲਮੇਲ ਲਈ ਰਾਹੁਲ ਗਾਂਧੀ ਨੇ ਚੰਨੀ ਨਾਲ ਕੀਤੀ ਲੰਮੀ ਮੀਟਿੰਗ
ਚੰਡੀਗੜ੍ਹ, 28 ਅਕਤੂਬਰ (ਗੁਰਉਪਦੇਸ਼ ਭੁੱਲਰ) : ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਹੁਣ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਮਸਲਿਆਂ ਵਲ ਖ਼ੁਦ ਧਿਆਨ ਦੇਣਾ ਸ਼ੁਰੂ ਕਰ ਦਿਤਾ ਹੈ | ਪਾਰਟੀ ਸੰਗਠਨ ਤੇ ਸਰਕਾਰ 'ਚ ਬੇਹਤਰ ਤਾਲਮੇਲ, ਚੋਣ ਰਣਨੀਤੀ ਅਤੇ ਸਰਕਾਰ ਨਾਲ ਜੁੜੇ ਮੁਦਿਆਂ ਨੂੰ ਲੈ ਕੇ ਉਹ ਹੁਣ ਸੂਬੇ ਦੇ ਮੰਤਰੀਆਂ, ਸਾਬਕਾ ਮੰਤਰੀਆਂ ਨਾਲ ਸਿੱਧੀ ਗੱਲਬਾਤ ਕਰ ਰਹੇ ਹਨ | ਹਾਈ ਕਮਾਨ ਦੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਗੱਲਬਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਦਿੱਲੀ ਬੁਲਾ ਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤਿੰਨ ਘੰਟੇ ਲੰਮੀ ਮੀਟਿੰਗ ਕੀਤੀ ਹੈ | ਇਸੇ ਦੌਰਾਨ ਰਾਹੁਲ ਗਾਂਧੀ ਮੰਤਰੀ ਮੰਡਲ 'ਚੋਂ ਬਾਹਰ ਕੀਤੇ ਗਏ ਅਮਰਿੰਦਰ ਸਮਰਥਕ ਚਾਰ ਸਾਬਕਾ ਮੰਤਰੀਆਂ ਰਾਣਾ ਗੁਰਜੀਤ ਸੋਢੀ, ਬਲਬੀਰ ਸਿੱਧੂ, ਸਾਧੂ ਸਿੰਘ ਧਰਮਸੋਤ ਅਤੇ ਸੰੁੰਦਰ ਸ਼ਾਮ ਅਰੋੜਾ ਨਾਲ ਵੀ ਗੱਲਬਾਤ ਕਰ ਕੇ, ਉਨ੍ਹਾਂ ਨੂੰ ਅਪਣੇ ਭਰੋਸੇ 'ਚ ਲੈ ਚੁਕੇ ਹਨ |
ਭਾਵੇਂ ਮੁੱਖ ਮੰਤਰੀ ਚੰਨੀ ਨਾਲ ਰਾਹੁਲ ਦੀ ਅੱਜ ਹੋਈ ਲੰਮੀ ਮੀਟਿੰਗ 'ਚ ਹੋਈ
ਗੱਲਬਾਤ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਚੰਨੀ ਨੇ ਖ਼ੁਦ ਮੀਡੀਆ ਨੂੰ ਕੁੱਝ ਦਸਿਆ ਹੈ ਪਰ ਜਾਣਕਾਰੀ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਨੇ ਪਾਰਟੀ ਤੇ ਸਰਕਾਰ 'ਚ ਬਿਹਤਰ ਤਾਲਮੇਲ ਅਤੇ 18 ਨੁਕਾਤੀ ਏਜੰਡੇ ਦੇ ਕੰਮਾਂ ਨੂੰ ਛੇਤੀ ਪੂਰਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ | ਕੈਪਟਨ ਵਲੋਂ ਨਵੀਂ ਪਾਰਟੀ ਬਣਾਉਣ ਤੇ ਭਾਜਪਾ ਨਾਲ ਤਾਲਮੇਲ ਕਰਨ ਦੇ ਮੱਦੇਨਜ਼ਰ ਵੀ ਪਾਰਟੀ ਵਲੋਂ ਅਪਣਾਏ ਜਾਣ ਵਾਲੇ ਰੁਖ ਬਾਰੇ ਚਰਚਾ ਕੀਤੀ ਗਈ ਹੈ | ਕੈਪਟਨ ਸਮਰਥਕਾਂ ਨੂੰ ਭਰੋਸੇ 'ਚ ਲੈਣ ਬਾਅਦ ਪਾਰਟੀ ਹਾਈ ਕਮਾਨ ਉਨ੍ਹਾਂ ਵਿਰੁਧ ਕੋਈ ਕਾਰਵਾਈ ਕਰ ਸਕਦੀ ਹੈ | ਰਾਹੁਲ ਨਾਲ ਚੰਨੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਰਹੇ |
ਡੱਬੀ
ਮਜੀਠੀਆ ਦਾ ਨੇੜਲਾ ਪਰਮਿੰਦਰ ਕਾਂਗਰਸ 'ਚ ਸ਼ਾਮਲ
ਇਸੇ ਦੌਰਾਨ ਰਾਹੁਲ ਗਾਂਧੀ ਅਤੇ ਚੰਨੀ ਦੀ ਮੀਟਿੰਗ ਦੌਰਾਨ ਇਕ ਅਹਿਮ ਗੱਲ ਇਹ ਹੋਈ ਕਿ ਬਿਕਰਮ ਮਜੀਠੀਆ ਦੇ ਨੇੜਲਾ ਨੌਜਵਾਨ ਆਗੂ ਜੋ ਕਿ ਅਕਾਲੀ ਦਲ ਆਈ.ਟੀ. ਸੈੱਲ ਦਾ ਮੁਖੀ ਸੀ ਤੇ ਸੋਈ ਦਾ ਪ੍ਰਮੁੱਖ ਆਗੂ ਰਿਹਾ ਹੈ, ਕਾਂਗਰਸ 'ਚ ਸ਼ਾਮਲ ਹੋ ਗਿਆ ਹੈ | ਇਹ ਕਾਰਵਾਈ ਰਾਹੁਲ ਦੀ ਹਾਜ਼ਰੀ 'ਚ ਹੋਈ | ਇਸ ਨਾਲ ਸੁਖਬੀਰ ਬਾਦਲ ਨੂੰ ਵੀ ਵੱਡਾ ਝਟਕਾ ਲੱਗਾ ਹੈ, ਕਿਉਂਕਿ ਪਿਛਲੇ ਸਮੇਂ 'ਚ ਆਈ.ਟੀ. ਸੈੱਲ ਦੀ ਪਾਰਟੀ ਕੰਮਾਂ 'ਚ ਵੱਡੀ ਭੂਮਿਕਾ ਰਹੀ ਹੈ |
ਹੁਣ ਜਾਖੜ ਵੀ ਲਗਾਤਾਰ ਟਵੀਟਾਂ ਰਾਹੀਂ ਛੱਡ ਰਹੇ ਹਨ ਵਿਅੰਗ-ਬਾਣ
ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਦੇ ਦੌਰਿਆਂ ਦੀ ਟਾਈਮਿੰਗ ਨੂੰ ਲੈ ਕੇ ਕਸਿਆ ਵਿਅੰਗ
ਚੰਡੀਗੜ੍ਹ, 28 ਅਕਤੂਬਰ (ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹੁਣ ਟਵਿਟਰ ਉਪਰ ਲਗਾਤਾਰ ਵਿਅੰਗ-ਬਾਣ ਛੱਡ ਰਹੇ ਹਨ | ਅੱਜ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੱਜ ਦੇ ਦੌਰਿਆਂ ਉਪਰ ਵਿਅੰਗ ਕਸਿਆ ਹੈ | ਜਾਖੜ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਆਏ ਹਨ | ਘੱਟੋ-ਘੱਟ ਇਨ੍ਹਾਂ 'ਚੋਂ ਇਕ ਦੀ ਟਾਈਮਿੰਗ ਤਾਂ ਠੀਕ ਹੈ | ਇਸ 'ਚ ਅਸਿੱਧੇ ਤੌਰ 'ਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਕੋਈ ਸੰਕੇਤ ਦੇਣ ਦਾ ਯਤਨ ਕੀਤਾ ਹੈ ਅਤੇ ਕੇਜਰੀਵਾਲ ਦੇ ਪੰਜਾਬ ਦੌਰੇ ਦੀ ਟਾਈਮਿੰਗ ਦੇ ਸਹੀ ਹੋਣ ਵਲ ਇਸ਼ਾਰਾ ਕੀਤਾ ਹੈ | ਦੂਜੇ ਪਾਸੇ ਕੇਜਰੀਵਾਲ ਨੇ ਵੀ ਜਾਖੜ ਦੇ ਟਵੀਟ ਦੇ ਜਵਾਬ ਬਿਨਾ ਕੁੱਝ ਕਹੇ ਅਪਣੀ ਫ਼ੋਟੋ ਵਾਲੀ ਸਮਾਈਲੀ ਟਵੀਟ ਕੀਤਾ ਹੈ |