
ਟਿਕਰੀ ਬਾਰਡਰ ਨੇੜੇ ਆਟੋ ਦੀ ਉਡੀਕ ਕਰ ਰਹੀਆਂ ਕਿਸਾਨ ਬੀਬੀਆਂ ਨੂੰ ਟਿੱਪਰ ਨੇ ਦਰੜਿਆ
ਬਹਾਦੁਰਗੜ੍ਹ, 28 ਅਕਤੂਬਰ : ਹਰਿਆਣਾ ਦੇ ਬਹਾਰਦੁਰਗੜ੍ਹ ਜ਼ਿਲ੍ਹੇ ਦੇ ਟਿਕਰੀ ਬਾਰਡਰ ਨੇੜੇ ਵੀਰਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ | ਇਸ ਹਾਦਸੇ ਵਿਚ ਟਿੱਪਰ ਨੇ ਕਿਸਾਨਾਂ ਬੀਬੀਆਂ ਨੂੰ ਦਰੜ ਦਿਤਾ | ਹਾਦੇਸ਼ ਵਿਚ ਤਿੰਨ ਕਿਸਾਨ ਬੀਬੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹਨ |
ਪੁਲਿਸ ਨੇ ਦਸਿਆ ਕਿ ਹਾਦਸਾ ਪਕੌੜਾ ਚੌਕ 'ਤੇ ਹੋਇਆ, ਜਿਥੇ ਕਿਸਾਨ ਬੀਬੀਆਂ ਡਿਵਾਈਡਰ 'ਤੇ ਬੈਠ ਕੇ ਬਹਾਦੁਰਗੜ੍ਹ ਰੇਲਵੇ ਸਟੇਸ਼ਨ ਜਾਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ | ਟਿਕਰੀ ਬਾਰਡਰ 'ਤੇ ਕੇਂਦਰ ਵਲੋਂ ਤਿੰਨ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਦੇ ਬਾਅਦ ਮਹਿਲਾਵਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਸਥਿਤ ਅਪਣੇ ਪਿੰਡ ਜਾ ਰਹੀਆਂ ਸਨ | ਉਨ੍ਹਾਂ ਦਸਿਆ ਕਿ ਮਿ੍ਤਕਾਂ ਦੀ ਪਹਿਚਾਣ ਛਿੰਦਰ ਕੌਰ (60), ਅਮਰਜੀਤ ਕੌਰ (58) ਅਤੇ ਗੁਰਮੇਲ ਕੌਰ (60) ਵਜੋਂ ਹੋਈ ਹੈ | ਇਹ ਸਾਰੀਆਂ ਮਾਨਸਾ ਜ਼ਿਲ੍ਹੇ ਦੇ ਖੀਵਾ ਦਿਆਲੁਵਾਲਾ ਪਿੰਡ ਦੀ ਵਸਨੀਕ ਸਨ | ਜ਼ਖ਼ਮੀਆਂ ਨੂੰ ਰੋਹਤਕ ਪੀਜੀਆਈ 'ਚ ਦਾਖ਼ਲ ਕਰਾਇਆ ਗਿਆ ਹੈ | ਦਿੱਲੀ ਦੇ ਬਾਹਰੀ ਹਿੱਸੇ 'ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਸੈਂਕੜੇ ਦੀ ਗਿਣਤੀ ਮਹਿਲਾਵਾਂ ਵੀ ਹਿੱਸਾ ਲੈ ਰਹੀਆਂ ਹਨ |
ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈਆਂ ਇਨ੍ਹਾਂ ਸਾਰੀਆਂ ਔਰਤਾਂ ਦਾ ਟਿੱਕਰੀ ਸਰਹੱਦ ਤੋਂ ਕਾਫ਼ੀ ਪਹਿਲਾਂ ਬਹਾਦਰਗੜ੍ਹ ਬਾਈਪਾਸ 'ਤੇ ਸਥਿਤ ਫ਼ਲਾਈਓਵਰ ਦੇ ਹੇਠਾਂ ਕੈਂਪ ਸੀ, ਜਿਸ 'ਚ ਇਹ ਕਰੀਬ 20 ਦਿਨਾਂ ਤੋਂ ਰੁਕੀਆਂ ਹੋਈਆਂ ਸਨ | ਕਿਸਾਨ ਅੰਦੋਲਨ ਦੇ ਰੋਟੇਸ਼ਨ ਅਨੁਸਾਰ ਅੰਦੋਲਨ ਵਿਚ ਸ਼ਾਮਲ ਹੋਣ ਲਈ ਇਕ
ਦਿਨ ਪਹਿਲਾਂ ਹੀ ਨਵਾਂ ਜੱਥਾ ਪਹੁੰਚਿਆ ਸੀ, ਜਿਸ ਕਾਰਨ ਅੱਜ ਉਨ੍ਹਾਂ ਨੂੰ ਅਪਣੇ ਘਰਾਂ ਨੂੰ ਪਰਤਣਾ ਪਿਆ | ਸਵੇਰੇ ਕਰੀਬ 6.30 ਵਜੇ ਪੰਜ ਔਰਤਾਂ ਦਾ ਇਹ ਸਮੂਹ ਅਪਣੇ ਕੈਂਪ ਤੋਂ ਕੁੱਝ ਦੂਰ ਬਾਈਪਾਸ 'ਤੇ ਫੁੱਟਪਾਥ 'ਤੇ ਬੈਠ ਗਿਆ | ਔਰਤਾਂ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ, ਕਿਉਂਕਿ ਉਨ੍ਹਾਂ ਨੇ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਟਰੇਨ ਫੜਨੀ ਸੀ | ਚਸ਼ਮਦੀਦਾਂ ਅਨੁਸਾਰ ਝੱਜਰ ਵਾਲੇ ਪਾਸੇ ਤੋਂ ਇਕ ਤੇਜ਼ ਰਫ਼ਤਾਰ ਡੰਪਰ ਨੇ ਫੁੱਟਪਾਥ ਦੇ ਵਿਚਕਾਰ ਬੈਠੀਆਂ ਇਨ੍ਹਾਂ ਔਰਤਾਂ ਨੂੰ ਕੁਚਲ ਦਿਤਾ |
ਮਹਿਲਾ ਕਿਸਾਨਾਂ ਨੂੰ ਕੁਚਲਣ ਵਾਲੇ ਟਿੱਪਰ ਦੇ ਡਰਾਈਵਰ ਨੂੰ ਸੈਕਟਰ-6 ਥਾਣਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਟਿੱਪਰ ਦਾ ਮਾਲਕ ਮਹਾਬੀਰ ਖ਼ੁਦ ਡਰਾਈਵਰ ਨਾਲ ਥਾਣੇ ਪਹੁੰਚ ਗਿਆ ਸੀ | ਟਿੱਪਰ ਮਾਲਕ ਨੇ ਦਸਿਆ ਕਿ ਉਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ | ਦੋਸ਼ੀ ਡਰਾਈਵਰ ਮੰਗਲ ਡੇਢ ਮਹੀਨੇ ਤੋਂ ਰੋਜ਼ਾਨਾ ਇਸ ਰਸਤੇ ਤੋਂ ਇਕ ਚੱਕਰ ਲੈਂਦਾ ਹੈ | ਉਹ ਚਰਖੀ ਦਾਦਰੀ ਤੋਂ ਧੂੜ ਲੈ ਕੇ ਦਿੱਲੀ ਦੇ ਕਾਂਝਵਾਲਾ ਜਾ ਰਿਹਾ ਸੀ | ਟਿੱਪਰ ਮਾਲਕ ਨੇ ਦਸਿਆ ਕਿ ਇਸ ਤੋਂ ਪਹਿਲਾਂ ਡਰਾਈਵਰ ਨਾਲ ਅਜਿਹਾ ਕੋਈ ਹਾਦਸਾ ਨਹੀਂ ਵਾਪਰਿਆ ਹੈ | (ਏਜੰਸੀ)