
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਵਲੋਂ ਬੰਬੀਹਾ ਗੈਂਗ ਨਾਲ ਸਬੰਧਤ ਚਾਰ ਸ਼ੂਟਰ ਕਾਬੂ
ਐਸ.ਏ.ਐਸ. ਨਗਰ, 28 ਅਕਤੂਬਰ (ਸੁਖਦੀਪ ਸਿੰਘ ਸੋਈ) : ਪੰਜਾਬ ਪੁਲਿਸ ਵਲੋਂ ਜ਼ੀਰਕਪੁਰ ਦੇ ਨਾਮ ਲਗਦੇ ਪਿੰਡ ਛੱਤ ਤੋਂ ਬੰਬੀਹਾ ਗੈਂਗ ਨਾਲ ਸਬੰਧਤ 4 ਨੂੰ ਗਿ੍ਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਅੱਜ ਟਵਿਟਰ ਰਹੀ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਨਾਲ ਦਿੱਲੀ ਤੇ ਉਤਰਾਖੰਡ ਪੁਲਿਸ ਵਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਸਦਕਾ ਬੰਬੀਹਾ ਗੈਂਗ ਨਾਲ ਸਬੰਧਤ ਚਾਰ ਸ਼ੂਟਰਾਂ ਨੂੰ ਜ਼ੀਰਕਪੁਰ ਦੇ ਏਰੀਏ ਵਿਚੋਂ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਪਾਸੋਂ ਪੁਲਿਸ ਨੂੰ ਤੁਰਕੀ ਵਿਚ ਬਣਿਆਂ ਇਕ ਆਟੋਮੈਟਿਕ ਪਿਸਤੌਲ ਦੇ ਨਾਲ ਕੁੱਲ ਤਿੰਨ ਵਿਦੇਸ਼ੀ ਪਿਸਤੌਲ ਬਰਾਮਦ ਹੋਏ ਹਨ | ਜੋ ਉਤਰਾਖੰਡ ਦੇ ਕਾਸ਼ੀ ਪੁਰ ਵਿਚ ਹੋਏ 70 ਸਾਲਾ ਵਿਅਕਤੀ ਦੇ ਕਤਲ ਵਿਚ ਸ਼ਾਮਲ ਸਨ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਧੂ ਸਿੰਘ, ਮਨਪ੍ਰੀਤ ਸਿੰਘ ਉਰਫ ਮਨੀ ਉਰਫ਼ ਚੂਚੀ, ਜਗਦੀਸ਼ ਸਿੰਘ ਉਰਫ਼ ਦੀਸ਼ਾ, ਜਸਪ੍ਰੀਤ ਸਿੰਘ ਦੇ ਤੌਰ ਤੇ ਹੋਈ ਹੈ |
ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਇਕ .30 ਕੈਲੀਬਰ ਪਿਸਤੌਲ ਦੇ ਨਾਲ ਦੋ ਮੈਗਜ਼ੀਨ ਅਤੇ ਸੱਤ ਜ਼ਿੰਦਾ ਕਾਰਤੂਸ, ਇਕ 9 ਐਮ ਐਮ ਪਿਸਤੌਲ ਅਤੇ ਇਕ ਤੁਰਕੀ ਦਾ ਬਣਿਆ 9 ਐਮ ਐਮ ਪਿਸਤੌਲ ਸਮੇਤ ਤਿੰਨ ਮੈਗਜ਼ੀਨ ਸਮੇਤ 31 ਕਾਰਤੂਸਾਂ ਵਾਲਾ ਇਕ ਮੈਗਜ਼ੀਨ ਅਤੇ 19 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ | ਇਸ ਤੋਂ ਇਲਾਵਾ ਇਕ ਅਪਾਚੀ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ | ਡੀ.ਜੀ.ਪੀ ਗੌਰਵ ਯਾਦਵ ਨੇ ਦਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਧੂ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਸੁੱਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਦੇ ਨਿਰਦੇਸ਼ਾਂ 'ਤੇ ਮਾਈਨਿੰਗ ਵਪਾਰੀ ਮਹਿਲ ਸਿੰਘ ਦਾ ਕਤਲ ਕੀਤਾ ਸੀ |
ਗਿ੍ਫ਼ਤਾਰ ਕੀਤੇ ਗਏ ਹੋਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਹਥਿਆਰ ਅਤੇ ਮਿ੍ਤਕ ਦੇ ਘਰ ਦੀ ਰੇਕੀ ਕਰਵਾਈ ਸੀ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਪੰਜਾਬ ਅਤੇ ਗੁਆਂਢੀ ਰਾਜਾਂ ਵਿਚ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੀ ਸਾਜ਼ਸ਼ ਕਰ ਰਹੇ ਸਨ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਵਿਰੁਧ ਥਾਣਾ ਜ਼ੀਰਕਪੁਰ ਵਿਖੇ ਆਈ.ਪੀ.ਸੀ. ਦੀ ਧਾਰਾ 392, 384, 473, 120-ਬੀ ਅਤੇ ਅਸਲਾ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ |
Photos 28-10