
ਸੁਖਬੀਰ ਬਾਦਲ ਨੂੰ ਮਿਲੀ ਵੱਡੀ ਰਾਹਤ, ਨਿਜੀ ਪੇਸ਼ੀ ਤੋਂ ਮਿਲੀ ਪੱਕੀ ਛੋਟ
ਹੁਸ਼ਿਆਰਪੁਰ, 28 ਅਕਤੂਬਰ (ਨਛੱਤਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਸਾਹਮਣੇ ਫਰਜ਼ੀ ਸੰਵਿਧਾਨ ਪੇਸ਼ ਕਰਨ ਦੇ ਮਾਮਲੇ ਵਿਚ ਹੁਸ਼ਿਆਰਪੁਰ ਦੇ ਏਸੀਜੇਐਮ ਰੁਪਿੰਦਰ ਸਿੰਘ ਦੀ ਅਦਾਲਤ ਵਿਚ ਸ਼ੁਕਰਵਾਰ ਨੂੰ ਮਾਣਯੋਗ ਜੱਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਵੱਡੀ ਰਾਹਤ ਦਿੰਦਿਆਂ ਪੇਸ਼ੀ ਤੋਂ ਪੱਕੀ ਛੋਟ ਦੇ ਦਿਤੀ | ਸਵੇਰੇ ਕਰੀਬ 10:30 ਵਜੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਇਸ ਮੁੱਦੇ 'ਤੇ ਜੋਰਦਾਰ ਬਹਿਸ ਹੋਈ | ਜਿਸ 'ਤੇ ਮਾਣਯੋਗ ਜੱਜ ਨੇ ਫ਼ੈਸਲੇ ਦਾ ਇੰਤਜ਼ਾਰ ਕਰਨ ਲਈ ਕਿਹਾ |
ਲੰਮੇ ਇੰਤਜ਼ਾਰ ਉਪਰੰਤ ਸ਼ਾਮ ਕਰੀਬ 4 ਵਜੇ ਮਾਣਯੋਗ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਐਡਵੋਕੇਟ ਕਲੇਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਵਲੋਂ ਇਹ ਸੁਖਬੀਰ ਬਾਦਲ ਨੂੰ ਨਿਜੀ ਪੇਸ਼ੀ ਤੋਂ ਪੱਕੀ ਛੋਟ ਦੇ ਹੁਕਮ ਜਾਰੀ ਕਰਦਿਆਂ ਕੇਸ ਦੀ ਅਗਲੀ ਤਾਰੀਖ਼ 3 ਨਵੰਬਰ ਨੂੰ ਨਿਰਧਾਰਿਤ ਕਰ ਦਿਤੀ ਹੈ |
ਹੁਣ ਟਰਾਇਲ ਲਈ ਰਾਹ ਪਧਰਾ ਹੋ ਗਿਆ ਹੈ | ਸ਼ਿਕਾਇਤਕਰਤਾ ਬਲਵੰਤ ਸਿੰਘ ਖੇੜਾ ਦੇ ਵਕੀਲਾਂ ਐਡਵੋਕੇਟ ਬੀਐੱਸ ਰਿਆੜ ਅਤੇ ਐਡਵੋਕੇਟ ਹਿਤੇਸ਼ ਪੁਰੀ ਨੇ ਦਸਿਆ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਸੀਐੱਮ, ਡਾ. ਦਲਜੀਤ ਸਿੰਘ ਚੀਮਾ ਪਿਛਲੀਆਂ ਤਰੀਕਾਂ 'ਤੇ ਮਾਣਯੋਗ ਅਦਾਲਤ 'ਚ ਪੇਸ਼ ਹੋ ਕੇ ਅਪਣੀਆਂ ਜ਼ਮਾਨਤਾਂ ਕਰਵਾ ਚੁਕੇ ਹਨ ਅਤੇ ਮਾਮਲੇ ਦੇ ਟ੍ਰਾਇਲ ਦੌਰਾਨ 3 ਨਵੰਬਰ ਨੂੰ ਸ਼ਿਕਾਇਤਕਰਤਾ ਬਲਵੰਤ ਸਿੰਘ ਖੇੜਾ ਦੀ ਗਵਾਹੀ ਹੋਣ ਦੀ ਸੰਭਾਵਨਾ ਬਣ ਗਈ ਹੈ | ਐਡਵੋਕੇਟ ਬੀ ਐੱਸ ਰਿਆੜ ਅਤੇ ਐਡਵੋਕੇਟ ਹਿਤੇਸ਼ ਪੁਰੀ ਨੇ ਦਸਿਆ ਕਿ ਸ਼ੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਤੇ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਵਲੋਂ ਸਾਲ 2009 ਵਿਚ ਕੀਤੀ ਗਈ ਸ਼ਿਕਾਇਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਲੀਡਰਾਂ ਵਿਰੁਧ ਆਈ.ਪੀ.ਸੀ. ਦੀਆਂ ਧਾਰਾਵਾਂ 182, 199, 200, 420, 465, 466, 468, 471 ਅਤੇ 120ਬੀ ਤਹਿਤ ਸਾਜ਼ਿਸ਼ ਕਰਨ, ਧੋਖਾ-ਧੜੀ ਤੇ ਜਾਅਲਸਾਜ਼ੀ ਦਾ ਮੁਕੱਦਮਾ ਚਲ ਰਿਹਾ ਹੈ |