
ਸਰਕਾਰ ਨੇ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਨੂੰ ਬਣਾਇਆ ਸੌਖਾ
ਚੰਡੀਗੜ੍ਹ : ਸੜਕ ਹਾਦਸਿਆਂ ਵਿਚ ਆਏ ਦਿਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਭਾਵੇਂ ਕਿ ਇਹ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੁੰਦਾ ਹੈ ਜੋ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਮੁਆਵਜ਼ਾ ਦਿੱਤਾ ਜਾਂਦਾ ਹੈ ਜਿਸ ਨੂੰ ਹੁਣ ਹੋਰ ਵੀ ਸੌਖੇ ਢੰਗ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਹਾਦਸੇ ਵਿਚ ਆਪਣੇ ਜੀਅ ਗਵਾਉਣ ਵਾਲੇ ਪਰਿਵਾਰ ਸਰਕਾਰ ਕੋਲ ਮੁਆਵਜ਼ੇ ਲਈ ਅਪਲਾਈ ਕਰ ਸਕਦੇ ਹਨ ਤਾਂ ਜੋ ਤੈਅ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਮੁਆਵਜ਼ਾ ਮਿਲ ਸਕੇ। ਦੱਸਣਯੋਗ ਹੈ ਕਿ ਪਹਿਲਾਂ ਡੀ. ਸੀ. ਦੀ ਸਿਫ਼ਾਰਿਸ਼ 'ਤੇ ਹੀ ਮੁਆਵਜ਼ਾ ਮਿਲਦਾ ਸੀ ਪਰ ਹੁਣ ਇਸ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਗਿਆ ਹੈ। ਜੇਕਰ ਕੋਈ ਹਾਦਸੇ ਦੌਰਾਨ ਜ਼ਖ਼ਮੀ ਹੋ ਜਾਂਦਾ ਹੈ ਜਾਂ ਮੌਤ ਹੋ ਜਾਂਦੀ ਹੈ ਅਤੇ ਅਣਪਛਾਤਾ ਵਾਹਨ ਵਾਲਾ ਮੌਕੇ ਤੋਂ ਭੱਜ ਜਾਂਦਾ ਹੈ ਤਾਂ ਪੀੜਤ ਦੇ ਪਰਿਵਾਰਕ ਮੈਂਬਰ ਮੁਆਵਜ਼ੇ ਲਈ ਸਾਂਝ ਕੇਂਦਰ 'ਚ ਜਾ ਕੇ ਫਾਰਮ ਭਰ ਸਕਦੇ ਹਨ।
ਇਸ ਸਬੰਧੀ ਏ. ਡੀ. ਜੀ. ਪੀ. ਕੁਲਦੀਪ ਕੁਮਾਰ ਵੱਲੋਂ ਸਾਰੇ ਅਧਿਕਾਰੀਆਂ, ਥਾਣਾ ਮੁਖੀਆਂ ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ਵਿਚ ਹਦਾਇਤ ਦਿਤੀ ਗਈ ਹੈ ਕਿ ਸਾਰੇ ਸਕੂਲਾਂ, ਕਾਲਜਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਪੀੜਤ ਪਰਿਵਾਰ ਕਿਸ ਤਰ੍ਹਾਂ ਇਹ ਮੁਆਵਜ਼ਾ ਪ੍ਰਾਪਤ ਕਰ ਸਕਦੇ ਹਨ।