
ਕਪੂਰਥਲਾ ਦੀ ਰਜਨੀ ਕੌਰ ਨੇ ਖੱਟਿਆ ਨਾਮਣਾ ਮਿਸ ਗ੍ਰੇਟ ਬ੍ਰਿਟੇਨ ਮੁਕਾਬਲੇ 'ਚ ਟਾਪ 5 'ਚ ਬਣਾਈ ਥਾਂ
ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕਰਨ ਵਾਲੀ 41 ਸਾਲਾ ਰਜਨੀ ਸਿੰਘ, ਪਿਛਲੇ ਹਫ਼ਤੇ ਯੂ.ਕੇ. ਵਿੱਚ ਹੋਏ ਮਿਸ ਗ੍ਰੇਟ ਬ੍ਰਿਟੇਨ ਸੁੰਦਰਤਾ ਮੁਕਾਬਲੇ ਵਿੱਚ ਚੌਥੇ ਸਥਾਨ 'ਤੇ ਰਹੀ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਇੱਕੋ-ਇੱਕ ਭਾਰਤੀ ਰਜਨੀ ਸਿੰਘ, ਪੰਜਾਬ ਦੇ ਕਪੂਰਥਲਾ ਦੀ ਵਸਨੀਕ ਹੈ। ਉਹ 2003 ਵਿੱਚ ਵਿਆਹ ਤੋਂ ਬਾਅਦ ਉਹ ਯੂ.ਕੇ. ਚਲੀ ਗਈ। ਉਹ ਪ੍ਰਾਇਮਰੀ ਕੇਅਰ, ਐੱਨ.ਐੱਚ.ਐੱਸ. ਵਿੱਚ ਇੱਕ ਪ੍ਰੈਕਟਿਸ ਮੈਨੇਜਰ ਵਜੋਂ ਕੰਮ ਕਰਦੀ ਹੈ।
ਰਜਨੀ ਦਾ ਖ਼ੁਦ ਬਾਰੇ ਕਹਿਣਾ ਹੈ ਕਿ ਉਸ ਦਾ ਸੁਭਾਅ ਅਜਿਹਾ ਸੀ ਕਿ ਬੇਚੈਨੀ ਸਦਾ ਉਸ ਦੇ ਨਾਲ ਰਹੀ, ਅਤੇ ਉਸ 'ਚ ਸਵੈ-ਮਾਣ ਬਹੁਤ ਘੱਟ ਸੀ। ਉਸ ਨੇ ਕਿਹਾ ਕਿ ਬਹੁ-ਗਿਣਤੀ ਔਰਤਾਂ ਵਾਂਗ ਉਹ ਵੀ ਇਹੀ ਸੋਚਦੀ ਸੀ ਕਿ ਵਿਆਹ ਤੋਂ ਬਾਅਦ ਖ਼ੁਦ ਨੂੰ ਛੱਡ ਕੇ ਬਾਕੀ ਹਰ ਚੀਜ਼ ਤੁਹਾਡੀ ਤਰਜੀਹ 'ਤੇ ਰਹਿੰਦੀ ਹੈ। ਰਜਨੀ ਦਾ ਮੰਨਣਾ ਹੈ ਕਿ ਉਸ ਦੀ ਫ਼ਿਟਨੈੱਸ ਪ੍ਰਤੀ ਖਿੱਚ ਨੇ ਉਸ ਨੂੰ ਉਸ ਦੀ ਅਸਲ ਸਮਰੱਥਾ ਤੇ ਕਦਰਾਂ-ਕੀਮਤਾਂ ਦਾ ਅਹਿਸਾਸ ਕਰਵਾਇਆ।
ਰਜਨੀ ਦੱਸਦੀ ਹੈ ਕਿ ਦੋ ਸਾਲ ਪਹਿਲਾਂ ਦਾ ਸਮਾਂ, ਸਰੀਰਕ ਤੇ ਮਾਨਸਿਕ ਤੌਰ 'ਤੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਕਾਲ਼ਾ ਦੌਰ ਸੀ, ਜਦੋਂ ਉਸ ਨੂੰ ਇੱਕੋ ਸਮੇਂ ਸਿਆਟਿਕਾ, ਹਰਨੀਆ, ਚੱਕਰ ਆਉਣੇ ਅਤੇ ਬੇਚੈਨੀ ਨੇ ਘੇਰਿਆ ਹੋਇਆ ਸੀ। 'ਮਿਸ ਗ੍ਰੇਟ ਬ੍ਰਿਟੇਨ' ਮੁਕਾਬਲਾ 1945 ਤੋਂ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ।