
ਕਾਨੂੰਨ-ਵਿਵਸਥਾ ਬਣਾਈ ਰਖਣਾ ਹਰ ਸੂਬੇ ਦੀ ਜ਼ਿੰਮੇਵਾਰੀ : ਮੋਦੀ
ਨਵੀਂ ਦਿੱਲੀ, 28, ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਦਰੂਨੀ ਸੁਰੱਖਿਆ ਲਈ ਸਾਰੇ ਸੂਬਿਆਂ ਨੂੰ ਇਕੱਠੇ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦਾ ਸਿੱਧਾ ਸਬੰਧ ਵਿਕਾਸ ਨਾਲ ਹੈ ਅਤੇ ਸ਼ਾਂਤੀ ਬਣਾਈ ਰੱਖਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ | ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਇਥੇ ਸਾਰੇ ਸੂਬਿਆਂ ਦੇ ਗ੍ਰਹਿ ਮੰਤਰੀਆਂ ਲਈ ਕਰਵਾਏ ਦੋ ਦਿਨਾਂ 'ਚਿੰਤਨ ਕੈਂਪ' ਨੂੰ ਵੀਡੀਉ ਕਾਨਫ਼ਰੰਸ ਰਾਹੀਂ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਸੂਬੇ ਨੂੰ ਇਕ-ਦੂਜੇ ਤੋਂ ਸਿਖਣਾ ਚਾਹੀਦਾ ਹੈ, ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਅੰਦਰੂਨੀ ਸੁਰੱਖਿਆ ਲਈ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ |
ਮੋਦੀ ਨੇ ਕਿਹਾ ਕਿ,''ਅੰਦਰੂਨੀ ਸੁਰੱਖਿਆ ਲਈ ਸੂਬਿਆਂ ਦਾ ਇਕੱਠੇ ਮਿਲ ਕੇ ਕੰਮ ਕਰਨਾ ਸੰਵਿਧਾਨਕ ਆਦੇਸ਼ ਦੇ ਨਾਲ ਹੀ ਦੇਸ਼ ਪ੍ਰਤੀ ਜ਼ਿੰਮੇਵਾਰੀ ਵੀ ਹੈ | ਸਾਰੀਆਂ ਏਜੰਸੀਆਂ ਨੂੰ ਕਾਰਜ ਸਮਰੱਥਾ, ਬਿਹਤਰ ਨਤੀਜੇ ਅਤੇ ਆਮ ਆਦਮੀ ਦੀ ਸੁਰੱਖਿਆ ਯਕੀਨੀ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ |'' ਉਨ੍ਹਾਂ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਸੰਵਿਧਾਨ ਅਨੁਸਾਰ ਸੂਬੇ ਦਾ ਵਿਸ਼ਾ ਹੈ, ਹਾਲਾਂਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਬਰਾਬਰ ਰੂਪ ਨਾਲ ਜੁੜਿਆ ਹੈ |
ਦੋ ਦਿਨਾਂ ਚਿੰਤਨ ਕੈਂਪ ਦਾ ਉਦੇਸ਼ 'ਵਿਜ਼ਨ 2047' ਅਤੇ 'ਪੰਜ ਪ੍ਰਣ' 'ਤੇ ਅਮਲ ਲਈ ਇਕ ਕਾਰਜ ਯੋਜਨਾ ਬਣਾਉਣਾ ਹੈ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਮੋਦੀ ਨੇ ਸੁਤੰਤਰਤਾ ਦਿਵਸ 'ਤੇ ਆਪਣੇ ਸੰਬੋਧਨ 'ਚ ਕੀਤਾ ਸੀ | ਪ੍ਰਧਾਨ ਮੰਤਰੀ ਨੇ ਪੁਲਿਸ ਲਈ 'ਇਕ ਰਾਸ਼ਟਰ, ਇਕ ਵਰਦੀ' ਦਾ ਵਿਚਾਰ ਰਖਦੇ ਹੋਏ ਕਿਹਾ ਕਿ ਇਸ ਨੂੰ ਥੋਪਣਾ ਨਹੀਂ ਚਾਹੀਦਾ ਸਗੋਂ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਬਾਰੇ ਚੰਗੀ ਧਾਰਨਾ ਬਣਾਈ ਰਖਣਾ ਮਹਤਵਪੂਰਨ ਹੈ | ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਆਜ਼ਾਦੀ ਤੋਂ ਪਹਿਲਾਂ ਬਣਾਏ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਮਜੌੂਦਾ ਸੰਦਰਭ 'ਚ ਉਨ੍ਹਾਂ 'ਚ ਸੋਧ ਕਰਨ ਲਈ ਵੀ ਕਿਹਾ |
ਮੋਦੀ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਪੁਰਾਣੇ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਅੱਜ ਸਬੰਧੀ ਉਨ੍ਹਾਂ ਵਿਚ ਸੁਧਾਰ ਕਰਨ ਦੀ ਬੇਨਤੀ ਕੀਤੀ | ਉਨ੍ਹਾਂ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੀਆਂ ਉਭਰਦੀਆਂ ਚੁਣੌਤੀਆਂ ਦੇ ਹਲ ਲਈ ਸਾਰੀਆਂ ਏਜੰਸੀਆਂ ਵਿਚਾਲੇ ਤਾਲਮੇਲ ਨਾਲ ਕਾਰਵਾਈ ਕਰਨ ਦੀ ਗੁੰਜਾਇਸ਼ 'ਤੇ ਵੀ ਜ਼ੋਰ ਦਿਤਾ | ਮੋਦੀ ਨੇ ਕਿਹਾ ਕਿ,''ਪੁਲਿਸ ਬਾਰੇ ਚੰਗੀ ਧਾਰਨਾ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਰਾਹ ਵਿਚ ਜੋ ਤਰੁਟੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ |''
ਉਨ੍ਹਾਂ ਕਿਹਾ ਕਿ,''ਜਦੋਂ ਦੇਸ਼ ਦੀ ਸਮਰਥਾ ਵਧੇਗੀ ਤਾਂ ਦੇਸ਼ ਦੇ ਹਰ ਨਾਗਰਿਕ ਅਤੇ ਹਰ ਪ੍ਰਵਾਰ ਦੀ ਸਮਰਥਾ ਵਧੇਗੀ | ਇਹੀ ਤਾਂ ਸੁਸ਼ਾਸਨ ਹੈ, ਜਿਸ ਦਾ ਲਾਭ ਦੇਸ਼ ਦੇ ਹਰ ਸੂਬੇ ਨੂੰ ਸਮਾਜ ਦੀ ਆਖ਼ਰੀ ਕਤਾਰ ਵਿਚ ਖੜੇ ਵਿਅਕਤੀ ਤਕ ਪਹੁੰਚਾਉਣਾ ਹੈ |'' ਫ਼ਰਜ਼ੀ ਖ਼ਬਰਾਂ ਦੇ ਪ੍ਰਵਾਹ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਦੀ ਸਚਾਈ ਸਾਹਮਣੇ ਲਿਆਉਣੀ ਜ਼ਰੂਰੀ ਹੈ ਅਤੇ ਇਸ ਵਿਚ ਤਕਨੀਕ ਦੀ ਵੱਡੀ ਭੂਮਿਕਾ ਹੈ | ਉਨ੍ਹਾਂ ਕਿਹਾ,''ਅਜਿਹੀਆਂ ਖ਼ਬਰਾਂ ਨੂੰ ਜਾਂਚਣ ਦੀ ਪ੍ਰਕਿਰਿਆ ਜਾਂ ਤੰਤਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਕਿ ਕਿਸੇ ਹੋਰ ਨਾਲ ਸਾਂਝਾ ਕਰਨ ਤੋਂ ਪਹਿਲਾਂ ਉਹ ਉਸ ਨੂੰ ਜਾਂਚ ਸਕੇ |''
ਕੈਂਪ ਵਿਚ ਪੁਲਿਸ ਬਲਾਂ ਦੇ ਆਧੁਨਿਕੀਕਰਨ, ਸਾਈਬਰ ਅਪਰਾਧ ਪ੍ਰਬੰਧਨ, ਅਪਰਾਧਕ ਨਿਆਂ ਪ੍ਰਣਾਲੀ ਵਿਚ ਸੂਚਨਾ ਤਕਨੀਕ (ਆਈ.ਟੀ.) ਦੇ ਵਧਦੇ ਉਪਯੋਗ, ਜ਼ਮੀਨ ਸਰਹੱਦ ਪ੍ਰਬੰਧਨ, ਸਮੁੰਦਰੀ ਕੰਢੇ ਸੁਰੱਖਿਆ, ਔਰਤ ਸੁਰੱਖਿਆ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ | (ਪੀਟੀਆਈ)