
ਪੰਜਾਬ ਦੇ ਪਿੰਡ ਜਟਾਣੇ ਦੀ ਧੀ ਲੜ ਰਹੀ ਹੈ ਡੈਨਮਾਰਕ ਪਾਰਲੀਮੈਂਟ ਦੀਆਂ ਚੋਣਾਂ
ਡੈਨਮਾਰਕ ਪਾਰਲੀਮੈਂਟ ਦੀਆਂ ਚੋਣਾਂ ਲੜਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣੀ ਜੈਸਮੀਨ ਕੌਰ
ਬੇਲਾ ਬਹਿਰਾਮਪੁਰ ਬੇਟ, 28 ਅਕਤੂਬਰ (ਗੁਰਮੁੱਖ ਸਿੰਘ ਸਲਾਹਪੁਰੀ) : ਐਸ ਵਾਈ ਐਲ ਨਾਲ ਦੇਸ਼ ਵਿਦੇਸ਼ ਵਿਚ ਚਰਚਾ 'ਚ ਆਇਆ ਰੋਪੜ ਜ਼ਿਲ੍ਹੇ ਦਾ ਪਿੰਡ ਜਟਾਣਾ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ ਕਿਉਂਕਿ ਪਿੰਡ ਜਟਾਣਾ ਦੇ ਨਿਰਵੈਰ ਸਿੰਘ ਜਟਾਣਾ ਦੀ ਹੋਣਹਾਰ ਪੁੱਤਰੀ ਜੈਸਮੀਨ ਕੌਰ (22) ਡੈਨਮਾਰਕ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਲੜ ਰਹੀ ਹੈ |
ਇਸ ਸਬੰਧੀ ਜੈਸਮੀਨ ਕੌਰ ਦੇ ਤਾਇਆ ਨੰਬਰਦਾਰ ਜਸਵੀਰ ਸਿੰਘ ਜਟਾਣਾ ਨੇ ਦਸਿਆ ਕਿ ਇਕ ਨਵੰਬਰ ਨੂੰ ਡੈਨਮਾਰਕ ਵਿਚ ਹੋ ਰਹੀਆਂ ਪਾਰਲੀਮੈਂਟ ਚੋਣਾਂ ਵਿਚ ਉਨ੍ਹਾਂ ਦੀ ਭਤੀਜੀ ਜੈਸਮੀਨ ਕੌਰ ਪੁੱਤਰੀ ਨਿਰਵੈਰ ਸਿੰਘ ਜਟਾਣਾ ਨੂੰ ਉੱਥੋਂ ਦੀ ਪ੍ਰਮੁੱਖ ਪਾਰਟੀ ਫ੍ਰੀ ਗ੍ਰੀਨ ਡੈਨਮਾਰਕ ਨੇ ਡੈਨਸ਼ ਪੀਪਲਜ਼ ਪਾਰਟੀ ਦੀ ਪ੍ਰਮੁੱਖ ਆਗੂ ਜੋ ਕਿ 2014 ਤੋਂ 18 ਤਕ ਪਾਰਲੀਮੈਂਟ ਵਿਚ ਸਪੀਕਰ ਰਹਿ ਚੁਕੀ ਪ੍ਰੀਆ ਖੇਸਗੋਅ ਦੇ ਵਿਰੁਧ ਗਰੇਓ ਸ਼ੀ ਲੈਂਡ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ | ਉਨ੍ਹਾਂ ਦਸਿਆ ਕਿ ਡੈਨਮਾਰਕ ਦੀਆਂ ਪਾਰਲੀਮੈਂਟ ਚੋਣ ਲੜਨ ਲਈ ਘੱਟ ਤੋਂ ਘੱਟ 20000 ਵੋਟਰਾਂ ਦੇ ਹਸਤਾਖ਼ਰਾਂ ਦਾ ਸਮਰਥਨ ਦੀ ਲੋੜ ਹੁੰਦੀ ਹੈ ਜੋ ਕਿ ਜੈਸਮੀਨ ਕੌਰ ਨੂੰ ਥੋੜੇ ਹੀ ਸਮੇਂ ਵਿਚ 50 ਹਜ਼ਾਰ ਤੋਂ ਵੀ ਵਧ ਵੋਟਰਾਂ ਜ਼ਿਆਦਾਤਰ ਨੌਜਵਾਨਾਂ ਦਾ ਸਮਰਥਨ ਹਾਸਲ ਹੋਇਆ ਹੈ |
ਜੈਸਮੀਨ ਕੌਰ ਡੈਨਮਾਰਕ ਦੀ ਪਾਰਲੀਮੈਂਟ ਦੀਆਂ ਚੋਣਾਂ ਲੜਨ ਵਾਲੀ ਪਹਿਲੀ ਭਾਰਤੀ ਮਹਿਲਾ ਹੈ ਜਦੋਂ ਕਿ ਜੈਸਮੀਨ ਕੌਰ ਦੀ ਪਾਰਟੀ ਵਲੋਂ ਖੰਨੇ ਜ਼ਿਲ੍ਹੇ ਦਾ ਨੌਜਵਾਨ ਯਾਦਵਿੰਦਰ ਸਿੰਘ ਵੀ ਚੋਣ ਮੈਦਾਨ ਵਿਚ ਹੈ | ਡੈਨਮਾਰਕ ਪਾਰਲੀਮੈਂਟ ਦੇ 175 ਮੈਂਬਰਾ ਲਈ ਪੰਜ ਲੱਖ ਤੋਂ ਵਧ ਵੋਟਰ ਇਕ ਨਵੰਬਰ ਨੂੰ ਬੈਲਟ ਪੇਪਰਾਂ ਰਾਹੀਂ ਵੋਟ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਦਾ ਨਤੀਜਾ ਉਸੇ ਸ਼ਾਮ ਐਲਾਨਿਆ ਜਾਵੇਗਾ |
ਜੈਸਮੀਨ ਕੌਰ ਦੇ ਡੈਨਮਾਰਕ ਵਿਚ ਚੋਣ ਲੜਨ ਦੀ ਖਬਰ ਮਿਲਣ ਤੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ ਸਮੂਹ ਨਗਰ ਨਿਵਾਸੀ ਜੈਸਮੀਨ ਕੌਰ ਦੀ ਜਿੱਤ ਦੀਆਂ ਅਰਦਾਸਾਂ ਕਰ ਰਹੇ ਹਨ |
ਫੋਟੋ ਰੋਪੜ-28-02 ਤੋਂ ਪ੍ਰਾਪਤ ਕਰੋ ਜੀ |
ਕੈਪਸ਼ਨ, ਡੈਨਮਾਰਕ ਪਾਰਲੀਮਾਨੀ ਚੋਣਾਂ ਲਈ ਚੋਣ ਮੈਦਾਨ ਵਿੱਚ ਉਤਰੀ ਜੈਸਮੀਨ ਕੌਰ ਜਟਾਣਾ |