
ਚਡੂਨੀ, ਰਾਜੇਵਾਲ, ਉਗਰਾਹਾਂ ਤੇ ਹੋਰ ਪ੍ਰਮੁੱਖ ਆਗੂਆਂ ਵਿਰੁਧ ਹਰਿਆਣਾ ਪੁਲਿਸ ਨੇ ਦਰਜ ਕੀਤੇ ਮਾਮਲੇ
ਪੁਲਿਸ ਵਾਟਰ ਕੈਨਨ ਰੋਕਣ ਵਾਲੇ ਨਵਦੀਪ 'ਤੇ ਇਰਾਦਾ ਕਤਲ ਦਾ ਮਾਮਲਾ ਦਰਜ
ਚੰਡੀਗੜ੍ਹ, 28 ਨਵੰਬਰ (ਗੁਰਉਪਦੇਸ਼ ਭੁੱਲਰ): ਹਰ ਤਰ੍ਹਾਂ ਦੀਆਂ ਭਾਰੀ ਰੋਕਾਂ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿਚ ਦਾਖ਼ਲ ਨਾ ਹੋਣ ਦੇਣ ਦਾ ਐਲਾਨ ਕਰਨ ਅਤੇ ਬਾਅਦ ਵਿਚ ਦਿੱਲੀ ਜਾਣ ਤੋਂ ਰੋਕਣ ਵਿਚ ਬੁਰੀ ਤਰ੍ਹਾਂ ਨਾਕਾਮ ਹੋ ਜਾਣ ਬਾਅਦ ਹੁਣ ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪ੍ਰਮੁੱਖ ਕਿਸਾਨ ਆਗੂਆਂ ਤੋਂ ਇਨਾਵਾ ਹਜ਼ਾਰਾਂ ਹੋਰ ਅੰਦੋਲਨਕਾਰੀਆਂ 'ਤੇ ਅਣਪਛਾਤੇ ਲਿਖ ਕੇ ਵੱਖ ਵੱਖ ਥਾਣਾ ਖੇਤਰਾਂ ਵਿਚ ਸੰਗੀਨ, ਫ਼ੌਜਦਾਰੀ ਧਾਰਾਵਾਂ ਤਹਿਤ ਮਾਮਲੇ ਦਰਜ ਕਰਨੇ ਸ਼ੁਰੂ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਹੁਣ ਤਕ ਸ਼ੰਭੂ ਖੇਤਰ, ਅੰਬਾਲਾ, ਕੁਰਕਸ਼ੇਤਰ ਤੇ ਰੋਹਤਕ ਥਾਣਾ ਖੇਤਰਾਂ ਵਿਚ ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ, ਪੰਜਾਬ ਨਾਲ ਸਬੰਧਤ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਕਈ ਹੋਰ ਪ੍ਰਮੁੱਖ ਆਗੁਆਂ ਵਿਰੁਧ ਕੇਸ ਦਰਜ ਕੀਤੇ ਗਏ ਹਨ। ਸ਼ੰਭੂ ਬਾਰਡਰ ਤੋਂ ਬਾਅਦ ਕਿਸਾਨਾਂ ਦੇ ਮਾਰਚ ਦੌਰਾਨ ਪੁਲਿਸ ਦੀ ਵਾਟਰ ਕੈਨਨ ਦਾ ਛਲਾਂਗ ਲਗਾ ਕੇ ਗੱਡੀ 'ਤੇ ਚੜ੍ਹਨ ਵਾਲੇ ਹਰਿਆਣਾ ਨਾਲ ਸਬੰਧਤ ਨੌਜਵਾਨ ਕਿਸਾਨ ਨਵਦੀਪ ਸਿੰਘ ਵਿਰੁਧ ਤਾਂ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਾਈਆਂ ਗਈਆਂ ਹਨ। ਪੁਲਿਸ 'ਤੇ ਹਮਲਾ ਕਰਨ, ਵਾਹਨ ਚੜ੍ਹਾਉਣ ਅਤੇ ਮਹਾਂਮਾਰੀ ਦੇ ਚਲਦੇ ਲਾਗੂ ਐਕਟ ਦੀਆਂ ਧਾਰਾਵਾਂ ਐਫ਼. ਆਈ.ਆਰ. ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਹਰਿਆਣਾ ਪੁਲਿਸ ਅਤੇ ਸੀ.ਆਈ.ਡੀ. ਵਿਭਾਗ ਕਿਸਾਨਾਂ ਦੇ ਮਾਰਚ ਦੌਰਾਨ ਨਾਕੇ ਤੋੜ ਕੇ ਅੱਗੇ ਵਧਣ ਸਮੇਂ ਕੀਤੀ ਵੀਡੀਉਗ੍ਰਾਫ਼ੀ ਦੇ ਆਧਾਰ 'ਤੇ ਕਿਸਾਨ ਆਗੂਆਂ ਅੇ ਹੋਰ ਨੌਜਵਾਨ ਅੰਦੋਲਨਕਾਰੀਆਂ ਦੀ ਪਛਾਣ ਕਰ ਕੇ ਵੱਖ ਵੱਖ ਐਫ਼.ਆਈ.ਆਰ. ਦਰਜ ਕੀਤੀਆਂ ਜਾ ਰਹੀਆਂ ਹਨ।