
ਕਿਸਾਨਾਂ ਤੋਂ ਡਰਦਿਆਂ ਮੋਦੀ ਸਰਕਾਰ ਨੇ 'ਜਾ ਜਵਾਨ, ਮਾਰ ਕਿਸਾਨ' ਦਾ ਨਾਹਰਾ ਅਪਣਾਇਆ : ਸਿੰਗਲਾ
ਚੰਡੀਗੜ੍ਹ, 28 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਸਕੂਲ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਕੀਤੇ ਮਾੜੇ ਵਤੀਰੇ ਨੂੰ ਵੇਖਦਿਆਂ ਲਗਦਾ ਹੈ ਕਿ ਮੋਦੀ ਸਰਕਾਰ ਨੇ 'ਜੈ ਜਵਾਨ, ਜੈ ਕਿਸਾਨ' ਨਾਅਰੇ ਦੀ ਪ੍ਰੀਭਾਸ਼ਾ ਬਦਲ ਕੇ 'ਜਾ ਜਵਾਨ, ਮਾਰ ਕਿਸਾਨ' ਕਰ ਦਿਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਜੈ ਇੰਦਰ ਸਿੰਗਲਾ ਨੇ ਅੱਜ ਹਰਿਆਣਾ-ਦਿੱਲੀ ਬਾਰਡਰ 'ਤੇ ਕਿਸਾਨਾਂ ਦੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁਧ ਵਿੱਢੇ ਸੰਘਰਸ਼ 'ਚ ਮੋਢਾ ਸਾਂਝਾ ਕਰਨ ਮੌਕੇ ਕੀਤਾ।
ਇਸ ਮੌਕੇ ਸਿੰਗਲਾ ਨੇ ਕਿਸਾਨਾਂ ਦਾ ਹਾਲ-ਚਾਲ ਜਾਣਨ ਤੋਂ ਇਲਾਵਾ ਲੰਗਰ 'ਚ ਹਿੱਸਾ ਪਾਇਆ ਤੇ ਸੰਘਰਸ਼ੀਲ ਕਿਸਾਨਾਂ ਨੂੰ ਲੰਗਰ ਵਰਤਾਇਆ। ਉਨ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਸਿਰਫ਼ ਉਹ ਹੀ ਨਹੀਂ, ਸਗੋਂ ਪੂਰਾ ਪੰਜਾਬ ਉਨ੍ਹਾਂ ਨਾਲ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸਮਾਜ ਦੇ ਹਰ ਵਰਗ ਵਲੋਂ ਪੂਰੀ ਵਾਹ ਲਾਈ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ 'ਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਮੋਦੀ ਸਰਕਾਰ ਵਲੋਂ ਅਪਣੇ ਕਾਰਪੋਰੇਟ ਮਿੱਤਰਾਂ ਨੂੰ ਲਾਹਾ ਦੇਣ ਲਈ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਈ ਸੌ ਕਿਲੋਮੀਟਰ ਚੱਲ ਕੇ ਇਥੇ ਰੋਸ ਪ੍ਰਦਰਸ਼ਨ ਕਰਨ ਪਹੁੰਚਿਆ ਹੈ।
ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਾਲੇ ਕਾਨੂੰਨਾਂ ਵਿਰੁਧ ਪੰਜਾਬ 'ਚ ਧਰਨੇ ਦੇ ਰਹੇ ਕਿਸਾਨਾਂ ਦੀ ਮੋਦੀ ਸਰਕਾਰ ਨੇ ਸਾਰ ਤਾਂ ਕੀ ਲੈਣੀ ਸੀ, ਸਗੋਂ ਹੁਣ ਦਿੱਲੀ ਆਉਣ ਮੌਕੇ ਸਾਰੇ ਨਿਯਮ-ਕਾਨੂੰਨ ਛਿੱਕੇ ਟੰਗ ਕੇ ਸਿਰਫ਼ ਭਾਜਪਾ ਨਾਲ ਵਫ਼ਾਦਾਰੀ ਵਿਖਾਉਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੈਸ਼ਨਲ ਹਾਈਵੇ ਹੀ ਸੀਲ ਕਰ ਦਿਤੇ। ਉਨ੍ਹਾਂ ਕਿਹਾ ਕਿ ਗੱਲ ਸਿਰਫ਼ ਪੰਜਾਬ ਨਾਲ ਲਗਦੇ ਬਾਰਡਰ ਸੀਲ ਕਰਨ 'ਤੇ ਹੀ ਨਹੀਂ ਰੁਕੀ, ਸਗੋਂ ਦੇਸ਼ ਦੇ ਅੰਨਦਾਤੇ 'ਤੇ ਅੱਤ ਦੀ ਸਰਦੀ 'ਚ ਪਾਣੀ ਵਾਲੀਆਂ ਤੋਪਾਂ ਤੇ ਹੰਝੂ ਗੈਸ ਦੇ ਗੋਲਿਆਂ ਨਾਲ ਹਮਲਾ ਕਰਨ ਦੇ ਨਾਲ-ਨਾਲ ਲਾਠੀਚਾਰਜ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਦੇ ਸਭ ਤੋਂ ਵੱਡੇ ਧੁਰੇ ਨੂੰ ਸੰਭਾਲਣ ਵਾਲੇ ਕਿਸਾਨਾਂ ਨਾਲ ਅਤਿਵਾਦੀਆਂ ਵਰਗਾ ਸਲੂਕ ਕਰਨ ਵਾਲੀਆਂ ਭਾਜਪਾ ਸਰਕਾਰਾਂ ਨੂੰ ਆਉਣ ਵਾਲੇ ਸਮੇਂ 'ਚ ਇਸਦਾ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ।