
ਕਾਨੂੰਨ ਵਾਪਸ ਲੈ ਲਉ, ਅਸੀ ਘਰਾਂ ਨੂੰ ਚਲੇ ਜਾਵਾਂਗੇ
ਨਵੀਂ ਦਿੱਲੀ, 28 ਨਵੰਬਰ : ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਪਹੁੰਚੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਨੀ, ਸਰਕਾਰ ਕਾਨੂੰਨ ਵਾਪਸ ਲੈ ਲਵੇ ਅਸੀ ਵਾਪਸ ਅਪਣੇ ਘਰਾਂ ਨੂੰ ਚਲੇ ਜਾਵਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਖ਼ਤਮ ਕਰਨ ਲਈ ਘਟੀਆ ਹੱਥਕੰਡੇ ਵਰਤ ਰਹੀ ਹੈ,ਵਾਰ ਵਾਰ ਕਿਸਾਨਾਂ ਨੂੰ ਸੰਘਰਸ਼ ਨੂੰ ਖ਼ਤਮ ਕਰਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਅਸੀ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ, ਸਰਕਾਰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈ ਲਵੇ, ਅਸੀਂ ਵਾਪਸ ਚਲੇ ਜਾਵਾਂਗੇ । ਕਿਸਾਨਾਂ ਨੇ ਕਿਹਾ ਕਿ ਸਰਕਾਰ ਜੋ ਵੀ ਮਰਜ਼ੀ ਹੱਥਕੰਡੇ ਅਪਣਾ ਲਵੇ ਪਰ ਅਸੀਂ ਸੰਘਰਸ਼ ਜਿੱਤ ਕੇ ਹੀ ਵਾਪਸ ਮੁੜਾਂਗੇ । ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਹੁਣ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ, ਕਿਸਾਨ ਆਗੂਆਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਉਤੇ ਆਰਥਕ ਪਾਬੰਦੀਆਂ ਲਾ ਦਿਤੀਆਂ ਹਨ। ਜੇਕਰ ਮੋਦੀ ਸਰਕਾਰ ਇਸ ਹੱਦ ਤਕ ਜਾ ਸਕਦੀ ਹੈ ਤਾਂ ਅਸੀ ਵੀ ਹਰ ਹਾਲ ਵਿਚ ਮੋਦੀ ਦੇ ਘਰ ਅੱਗੇ ਜਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਦੇ ਬਾਕੀ ਕਿਸਾਨਾਂ ਨਾਲ ਮਿਲ ਕੇ ਕੇਂਦਰ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਤਿੱਖਾ ਸੰਘਰਸ਼ ਕਰਨਗੇ ਅਤੇ ਸਰਕਾਰ ਨੂੰ ਕਾਨੂੰਨ ਵਾਪਸ ਕਰਨ ਲਈ ਮਜਬੂਰ ਕਰ ਦੇਣਗੇ। ਜ਼ਿਕਰਯੋਗ ਹੈ ਕਿ 25 ਨਵੰਬਰ ਤੋਂ ਕਿਸਾਨਾਂ ਦੇ ਕਾਫ਼ਲੇ ਲਗਾਤਰ ਦਿੱਲੀ ਵਲ ਕੂਚ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੱਡੀਆਂ ਰੋਕਾਂ ਲਗਾਈਆਂ ਸਨ ਪਰ ਕਿਸਾਨਾਂ ਦੇ ਜੋਸ਼ ਅੱਗੇ ਉਹ ਛੋਟੀਆਂ ਪੈ ਗਈਆਂ ਅਤੇ ਕਿਸਾਨ ਦਿੱਲੀ ਦੇ ਬਾਰਡਰ ਤਕ ਪਹੁੰਚ ਗਏ। ਹੁਣ ਦਿੱਲੀ ਪੁਲਿਸ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦਾ ਯਤਨ ਕਰ ਰਹੀ ਹੈ । (ਏਜੰਸੀ)
image