
ਅਦਾਲਤ ਵਿਚ ਪੇਸ਼ ਕਰ ਪੁਲਿਸ ਨੇ ਹਾਸਲ ਕੀਤਾ ਰਿਮਾਂਡ
ਅਬੋਹਰ : ਅਬੋਹਰ ਵਿਚ ਬੱਸ ਕੰਡਕਟਰ ਕਤਲ ਮਾਮਲੇ ਵਿਚ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬੀਤੀ 16 ਨਵੰਬਰ ਦੀ ਰਾਤ ਨੂੰ ਦੋਸ਼ੀਆਂ ਦੇ ਵੱਲੋਂ ਬੱਸ ਕੰਡਕਟਰ ਭੀਮ ਸੈਨ ਨੂੰ ਰਾਹ ਵਿੱਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਭਾਲ ਕੀਤੀ ਜਾ ਰਹੀ ਸੀ ਅਤੇ ਇਸ ਤਹਿਤ ਹੀ ਅੱਜ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ।
ਪੁੱਛਗਿਛ ਦੌਰਾਨ ਪਤਾ ਲੱਗਾ ਕਿ ਭੀਮ ਸੈਨ ਦਾ ਕਤਲ ਉਸ ਦੇ ਹੀ ਗੁਆਂਢੀ ਪਰਦੀਪ ਕੁਮਾਰ ਵੱਲੋਂ ਆਪਣੇ ਸਾਥੀਆਂ ਨਾਲ ਕੀਤਾ ਗਿਆ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੰਜ ਸੱਤ ਮਹੀਨੇ ਪਹਿਲਾਂ ਭੀਮ ਸੈਨ ਦੀ ਟਰਾਲੀ ਉਸ ਦੇ ਘਰ ਦੀ ਕੰਧ ਨਾਲ ਖਹਿ ਗਈ ਸੀ ਜਿਸ ਤੋਂ ਬਾਅਦ ਉਹ ਇਕ ਦੂਸਰੇ ਨੂੰ ਧਮਕੀਆਂ ਦੇਣ ਲੱਗ ਪਏ ਅਤੇ ਮੌਕਾ ਵੇਖ ਪ੍ਰਦੀਪ ਕੁਮਾਰ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਤਲ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਤਫਤੀਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜੋ ਵੀ ਖੁਲਾਸਾ ਹੁੰਦਾ ਹੈ ਉਸ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।