
'ਸਿੱਖਾਂ ਨਾਲ ਅਨਿਆਂ ਕਰਨ ਵਾਲੇ ਬਾਦਲਾਂ ਨਾਲ ਭਾਜਪਾ ਸਮਝੌਤਾ ਨਹੀਂ ਕਰੇਗੀ ਪਰ ਬਾਕੀ ਅਕਾਲੀ ਤਾਂ ਪਹਿਲਾਂ ਹੀ ਸਾਡੇ ਨਾਲ'
ਭਾਜਪਾ ਨੇ ਲਾਲਪੁਰਾ ਰਾਹੀਂ ਅਕਾਲੀ-ਭਾਜਪਾ ਸਮਝੌਤੇ ਬਾਰੇ ਸਥਿਤੀ ਸਪੱਸ਼ਟ ਕੀਤੀ
ਚੰਡੀਗੜ੍ਹ, 28 ਨਵੰਬਰ (ਭੁੱਲਰ): ਭਾਜਪਾ ਸੰਸਦੀ ਬੋਰਡ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਬਾਦਲ ਦਲ ਨਾਲ ਸਮਝੌਤੇ ਬਾਰੇ ਸਥਿਤੀ ਸਪੱਸ਼ਟ ਕੀਤੀ ਹੈ | ਉਨ੍ਹਾਂ ਬਾਦਲਾਂ ਨਾਲ ਮੁੜ ਗਠਜੋੜ ਬਾਰੇ ਕਿਹਾ ਕਿ ਇਸ ਨਾਲ ਤਾਂ ਕੋਈ ਗੱਲ ਨਹੀਂ ਕਰ ਰਹੇ ਪਰ ਅਕਾਲੀ ਦਲ ਤਾਂ ਸਾਡੇ ਨਾਲ ਹੀ ਹੈ | ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਅਤੇ ਮਨਜਿੰਦਰ ਸਿੰਘ ਸਿਰਸਾ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਅਸੀ ਪਿਛਲੀਆਂ ਚੋਣਾਂ ਵੀ ਢੀਂਡਸਾ ਨਾਲ ਮਿਲ ਕੇ ਲੜੀਆਂ ਸਨ | ਉਨ੍ਹਾਂ ਕਿਹਾ ਕਿ ਭਾਜਪਾ ਨੇ ਗਠਜੋੜ ਕਰ ਕੇ ਬਾਦਲ ਦਲ ਨੂੰ 25 ਸਾਲ ਦਿਤੇ ਪਰ ਉਨ੍ਹਾਂ ਪੰਜਾਬ ਨੂੰ ਬਹੁਤਾ ਕੁੱਝ ਨਹੀਂ ਲੈ ਕੇ ਦਿਤਾ |
ਇਕ ਟੀ.ਵੀ. ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਸਾਡੀ ਦੋਸਤੀ ਅਮਨ ਪਸੰਦ ਲੋਕਾਂ ਨਾਲ ਹੋ ਸਕਦੀ ਹੈ ਪਰ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਵਾਲਿਆਂ ਨੂੰ ਅਸੀ ਇਕ ਕਦਮ ਪਿਛੇ ਹੀ ਰਖਦੇ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਤੇ ਸਿੱਖਾਂ ਨਾਲ ਅਨਿਆਂ ਕਰਨ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ | ਲਾਲਪੁਰਾ ਨੇ ਕਿਹਾ ਕਿ ਅੰਮਿ੍ਤਧਾਰੀ ਹੋਣ ਕਾਰਨ ਬਰਗਾੜੀ ਬੇਅਦਬੀ ਅਤੇ ਨਿਹੱਥੇ ਸ਼ਾਂਤੀ ਨਾਲ ਬੈਠੇ ਸਿੱਖਾਂ 'ਤੇ ਗੋਲੀਬਾਰੀ ਦਾ ਮੈਨੂੰ ਦੁੱਖ ਹੈ ਪਰ ਬਾਦਲਾਂ ਨੇ ਉਸ ਸਮੇਂ ਅਜਿਹੇ ਲੋਕ ਪੈਦਾ ਕੀਤੇ ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਨੇ ਗਠਜੋੜ ਸਮੇਂ ਹਮੇਸ਼ਾ ਬਾਦਲਾਂ ਨੂੰ ਅੱਗੇ ਰਖਿਆ | ਵਾਜਪਾਈ ਤੇ ਮੋਦੀ ਸਾਹਿਬ ਨੇ ਸਿੱਖਾਂ ਦੇ ਕੰਮ ਕੀਤੇ | ਇਨ੍ਹਾਂ ਦੇ ਹੀ ਕਹਿਣ 'ਤੇ ਸਹਿਜਧਾਰੀ ਸਿੱਖਾਂ ਦਾ ਸ਼ੋ੍ਰਮਣੀ ਕਮੇਟੀ ਵਿਚ ਵੋਟ ਦਾ ਅਧਿਕਾਰ ਵੀ ਖ਼ਤਮ ਕੀਤਾ | ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਗਠਜੋੜ ਸਮੇਂ ਜਦੋਂ ਭਾਜਪਾ ਮੈਨੂੰ ਪ੍ਰਧਾਨ ਬਣਾ ਰਹੀ ਸੀ ਤਾਂ ਬਾਦਲਾਂ ਨੇ ਹੀ ਰੋਕਿਆ | ਉਨ੍ਹਾਂ ਕਿਹਾ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਵੀ ਸਿੱਖ ਹੈ ਅਤੇ ਜੇ ਭਾਜਪਾ ਪ੍ਰਧਾਨ ਵੀ ਸਿੱਖ ਬਣ ਗਿਆ ਤਾਂ ਅਸੀ ਨਾਲ ਕਿਵੇਂ ਰਹਾਂਗੇ? ਲਾਲਪੁਰਾ ਨੇ ਐਸ.ਜੀ.ਪੀ.ਸੀ. ਦੀਆਂ ਆਮ ਚੋਣਾਂ ਲਈ ਬੀਬੀ ਜਗੀਰ ਕੌਰ ਨੂੰ ਉਭਾਰਨ ਲਈ ਉਨ੍ਹਾਂ ਦੀ ਪ੍ਰਧਾਨਗੀ ਚੋਣ ਸਮੇਂ ਹਮਾਇਤ ਬਾਰੇ ਕਿਹਾ ਕਿ ਮੈਂ ਤਾਂ ਬੀਬੀ ਜਗੀਰ ਕੌਰ ਨੂੰ ਮਿਲਿਆ ਹੀ ਨਹੀਂ ਅਤੇ ਨਾ ਹੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੋਈ ਗੱਲ ਹੋਈ ਹੈ | ਭਾਜਪਾ ਵਲੋਂ ਸ਼ੋ੍ਰਮਣੀ ਕਮੇਟੀ ਚੋਣਾਂ ਲੜੇ ਜਾਣ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਇਹ ਚੋਣ ਨਹੀਂ ਲੜਦੀ ਪਰ ਸਿੱਖ ਵੋਟਰ ਵੋਟ ਜ਼ਰੂਰ ਪਾਉਣਗੇ | ਹੋਰ ਪਾਰਟੀਆਂ ਵਿਚ ਵੀ ਸਿੱਖ ਹਨ ਜੋ ਵੋਟ ਪਾਉਂਦੇ ਹਨ | ਇਸ ਤਰ੍ਹਾਂ ਸ਼ੋ੍ਰਮਣੀ ਕਮੇਟੀ ਸੱਭ ਦੀ ਸਾਂਝੀ ਹੈ ਕਿਸੇ ਇਕ ਪਾਰਟੀ ਦੀ ਨਹੀਂ | ਧਰਮ ਪ੍ਰੀਵਰਤਨ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ | ਪੰਜਾਬ ਸਰਕਾਰ ਤੋਂ ਇਸਾਈ ਮਿਸ਼ਨਰੀਆਂ ਬਾਰੇ ਰੀਪੋਰਟ ਮੰਗੀ ਸੀ ਪਰ ਨਹੀਂ ਦਿਤੀ ਗਈ | ਧਾਰਮਕ ਹਸਤੀਆਂ ਵੀ ਸਹੀ ਭੂਮਿਕਾ ਨਹੀਂ ਨਿਭਾ ਰਹੀਆ ਜਦਕਿ ਮੇਰੇ ਕੋਲ ਬਹੁਤ ਸ਼ਿਕਾਇਤਾਂ ਆਈਆਂ ਹਨ | ਉਨ੍ਹਾਂ ਕਿਹਾ ਕਿ ਚੰਗਿਆਈ ਸਭਾਵਾਂ ਆਮ ਹੁੰਦੀਆਂ ਹਨ ਅਤੇ ਪਿਛਲੇ ਵਿਚ ਹੋਏ ਡਡੂਆਣਾ ਪਿੰਡ ਵਰਗੇ ਟਕਰਾਅ ਕੀ ਹਨ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਰੱਕੀ, ਖ਼ੁਸਹਾਲੀ ਅਤੇ ਅਮਨ ਚਾਹੁੰਦੇ ਹਨ ਅਤੇ ਇਸ ਕਰ ਕੇ ਹੀ ਅਸੀ ਅਮਨ ਅਤੇ ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਨਾਲ ਗਠਜੋੜ ਨਹੀਂ ਕਰ ਸਕਦੇ |