
ਫ਼ਰੀਦਕੋਟ ਦੇ ਆਖ਼ਰੀ ਰਾਜੇ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਅਪਣੇ ਕਬਜ਼ੇ ਵਿਚ ਲਵੇਗੀ ਸਰਕਾਰ
ਕੋਟਕਪੂਰਾ, 28 ਨਵੰਬਰ (ਗੁਰਿੰਦਰ ਸਿੰਘ) : ਫ਼ਰੀਦਕੋਟ ਰਿਆਸਤ ਦੀ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਪੰਜਾਬ ਸਰਕਾਰ ਅਪਣੇ ਅਧਿਕਾਰ ਖੇਤਰ ਵਿਚ ਲੈ ਸਕਦੀ ਹੈ | ਰਿਆਸਤ ਦੀ ਕਰੀਬ 20 ਹਜਾਰ ਏਕੜ ਜ਼ਮੀਨ ਨੂੰ 'ਸਰਪਲੱਸ' (ਅਧਿਕਾਰ ਹੇਠ ਲੈਣ) ਲਈ ਡਿਪਟੀ ਕਮਿਸ਼ਨਰ ਦਫ਼ਤਰ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ |
ਰਿਆਸਤ ਦੀ ਇਹ ਜ਼ਮੀਨ ਹੁਣ ਤਕ ਮਹਾਰਾਵਲ ਖੇਵਾ ਜੀ ਟਰੱਸਟ ਦੇ ਅਧਿਕਾਰ ਖੇਤਰ ਵਿਚ ਸੀ ਪਰ ਦੋ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਫ਼ਰੀਦਕੋਟ ਦੇ ਆਖ਼ਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਰੱਦ ਕਰ ਦਿਤਾ ਹੈ | ਹੁਣ ਸ਼ਾਹੀ ਖ਼ਾਨਦਾਨ ਦੇ ਵਾਰਸਾਂ ਵਿਚ ਜ਼ਮੀਨ ਦੀ ਤਕਸੀਮ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਹੈ | ਇਸ ਨਾਲ ਹੀ ਪੰਜਾਬ ਸਰਕਾਰ ਨੇ ਵੀ ਇਸ ਜ਼ਮੀਨ ਨੂੰ ਅਪਣੇ ਅਧਿਕਾਰ ਖੇਤਰ ਲੈਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ | ਇਸ ਵੇਲੇ ਫ਼ਰੀਦਕੋਟ ਰਿਆਸਤ ਦੀ ਪਿੰਡ ਘੁਗਿਆਣਾ ਵਿਚ 7000 ਏਕੜ ਜ਼ਮੀਨ, ਚਹਿਲ ਪਿੰਡ ਵਿਚ 4000 ਏਕੜ, ਫ਼ਰੀਦਕੋਟ ਸ਼ਹਿਰ ਵਿਚ ਕਿ੍ਸ਼ਨਾ ਬਾਗ਼ ਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ 800 ਕਿੱਲੇ ਦੇ ਕਰੀਬ ਬੇਸ਼ੁਮਾਰ ਕੀਮਤੀ ਜ਼ਮੀਨ ਹੈ | ਜੇਕਰ ਇਹ ਜ਼ਮੀਨ ਸਰਕਾਰ ਦੀ ਮਾਲਕੀ ਐਲਾਨੀ ਜਾਂਦੀ ਹੈ ਤਾਂ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਮਿਲ ਜਾਵੇਗੀ |
ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫ਼ਰੀਦਕੋਟ ਰਿਆਸਤ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰੋੜ ਦੀ ਇਸ ਜਾਇਦਾਦ ਉੱਪਰ ਭੂ-ਮਾਫ਼ੀਆ ਦੀ ਨਜ਼ਰ ਹੈ | ਉਨ੍ਹਾਂ ਕਿਹਾ ਕਿ ਰਾਜਾ ਹਰਿੰਦਰ ਸਿੰਘ ਬਰਾੜ ਨੇ ਅਪਣੇ ਜੀਵਨਕਾਲ ਵਿਚ 1200 ਏਕੜ ਜ਼ਮੀਨ ਨਵੇਂ ਬੀਜਾਂ ਦੀ ਖੋਜ ਲਈ ਖੇਤੀਬਾੜੀ ਯੂਨੀਵਰਸਿਟੀ ਨੂੰ ਦਿਤੀ ਸੀ ਜਿਸ ਦਾ ਪੰਜਾਬ ਦੀ ਕਿਸਾਨੀ ਨੂੰ ਵੱਡਾ ਲਾਭ ਹੋਇਆ ਹੈ | ਉਨ੍ਹਾਂ ਕਿਹਾ ਕਿ ਰਿਆਸਤ ਦੀ ਜ਼ਮੀਨ ਬਾਰੇ ਉਹ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕਰ ਚੁੱਕੇ ਹਨ | ਵਿਧਾਇਕ ਨੇ ਕਿਹਾ ਕਿ ਰਿਆਸਤ ਦੀ ਜ਼ਮੀਨ ਉਪਰ ਹਜ਼ਾਰਾਂ ਰੁੱਖ ਹਨ ਅਤੇ ਰੁੱਖਾਂ ਤੇ ਬਾਗ਼ਾਂ ਨੂੰ ਕਿਸੇ ਵੀ ਕੀਮਤ 'ਤੇ ਭੂ-ਮਾਫ਼ੀਆ ਦੇ ਹੱਥ ਨਹੀਂ ਲਗਣ ਦਿਤਾ ਜਾਵੇਗਾ |
ਇਸ ਤੋਂ ਪਹਿਲਾਂ ਫ਼ਰੀਦਕੋਟ-ਕੋਟਕਪੂਰਾ ਰੋਡ 'ਤੇ ਨਰੈਣ ਨਗਰ ਵਿਚ ਬੇਸ਼ੁਮਾਰ ਕੀਮਤੀ 50 ਏਕੜ ਜ਼ਮੀਨ ਦਾ ਇੰਤਕਾਲ ਪੰਜਾਬ ਸਰਕਾਰ ਦੇ ਨਾਮ ਹੋ ਚੁੱਕਾ ਹੈ | ਪੰਜਾਬ ਲੈਂਡ ਸੀਲਿੰਗ 1972 ਅਨੁਸਾਰ ਪੰਜਾਬ ਵਿਚ ਕੋਈ ਵੀ ਵਿਅਕਤੀ ਸਾਢੇ 17 ਕਿਲੇ ਤੋਂ ਵੱਧ ਖੇਤੀਯੋਗ
ਜ਼ਮੀਨ ਨਹੀਂ ਰੱਖ ਸਕਦਾ ਅਤੇ ਜੇਕਰ ਰਕਬਾ ਬਰਾਨੀ ਹੋਵੇ ਤਾਂ ਕਿਸਾਨ 60 ਕਿਲੇ ਤਕ ਜ਼ਮੀਨ ਰੱਖ ਸਕਦਾ ਹੈ | ਜੇਕਰ ਇਸ ਐਕਟ ਮੁਤਾਬਕ ਕਿਸੇ ਕੋਲ ਵਾਧੂ ਜ਼ਮੀਨ ਬਚਦੀ ਹੈ ਤਾਂ ਉਹ ਪੰਜਾਬ ਸਰਕਾਰ ਨੂੰ ਸਰਪਲੱਸ ਕਰ ਕੇ ਅਪਣੇ ਅਧੀਨ ਲੈਣ ਦਾ ਹੱਕ ਹੈ | ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਉਹ ਰਿਕਾਰਡ ਦੇਖੇ ਬਿਨਾਂ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦੇ |