
ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ ਤੇ ਦਿੱਲੀ ਕੂਚ ਦੀਆਂ ਤਿਆਰੀਆਂ ਜਾਰੀ : ਪੰਧੇਰ
ਚੰਡੀਗੜ੍ਹ/ਖਨੌਰੀ : ਕਿਸਾਨਾਂ ’ਚ ਵਧ ਰਹੇ ਰੋਸ ਨੂੰ ਵੇਖਦਿਆਂ ਪੰਜਾਬ ਸਰਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਤੋਂ ਛੁੱਟੀ ਕਰਵਾ ਕੇ ਵਾਪਸ ਖਨੌਰੀ ਮੋਰਚੇ ਵਾਲੇ ਸਥਾਨ ’ਤੇ ਲਿਆਉਣ ਲਈ ਸਹਿਮਤ ਹੋ ਗਈ। ਦੇਰ ਰਾਤ ਡੱਲੇਵਾਲ ਦੀ ਹਸਪਤਾਲ ਤੋਂ ਛੁੱਟੀ ਹੋ ਗਈ ਹੈ ਅਤੇ ਉਹ ਹਸਪਤਾਲ ਵਿਚੋਂ ਬਾਹਰ ਆ ਗਏ। ਵਰਨਣਯੋਗ ਹੈ ਕਿ 6 ਦਸੰਬਰ ਦੇ ਦਿੱਲੀ ਕੂਚ ਤੋਂ ਪਹਿਲਾਂ 26 ਨਵੰਬਰ ਨੂੰ ਰੱਖੇ ਜਾਣ ਵਾਲੇ ਮਰਨ ਵਰਤ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਡੱਲੇਵਾਲ ਨੂੰ ਅੱਧੀ ਰਾਤ ਵੇਲੇ ਖਨੌਰੀ ਮੋਰਚੇ ’ਚੋਂ ਚੁੱਕ ਕੇ ਡੀ.ਐਮ.ਸੀ. ਲਿਜਾ ਕੇ ਦਾਖ਼ਲ ਕਰਵਾ ਦਿਤਾ ਸੀ ਪਰ ਪੁਲਿਸ ਹਿਰਾਸਤ ’ਚ ਵੀ ਹਸਪਤਾਲ ’ਚ ਦਾਖ਼ਲ ਹੋਣ ਸਮੇਂ ਵੀ ਡੱਲੇਵਾਲ ਨੇ ਮਰਨ ਵਰਤ ਜਾਰੀ ਰਖਿਆ ਹੋਇਆ ਸੀ। ਦੂਜੇ ਪਾਸੇ ਖਨੌਰੀ ਬਾਰਡਰ ’ਤੇ ਕਿਸਾਨੀ ਅੰਦੋਲਨ ਦੀਆਂ ਮੰਗਾਂ ਮਨਾਉਣ ਲਈ ਸਾਬਕਾ ਜਵਾਨ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਦਾ ਮਰਨ ਵਰਤ ਵੀ ਚੌਥੇ ਦਿਨ ਵਿਚ ਪਹੁੰਚ ਗਿਆ ਹੈ ਅਤੇ ਉਨ੍ਹਾਂ ਦਾ ਭਾਰ ਕਿਲੋ ਘੱਟ ਗਿਆ ਹੈ।
ਸਰਕਾਰ ਨੇ ਕਿਹਾ ਸੀ ਕਿ ਡੱਲੇਵਾਲ ਨੂੰ ਉਨ੍ਹਾਂ ਦੀ ਸਿਹਤ ਨੂੰ ਦੇਖਦਿਆਂ ਜਾਂਚ ਲਈ ਚੁਕਿਆ ਗਿਆ ਹੈ। ਲੁਧਿਆਣਾ ’ਚ ਵੀ ਹਸਪਤਾਲ ਅੰਦਰ ਡੱਲੇਵਾਲ ਨਜ਼ਬਰਬੰਦੀ ਵਰਗੀ ਸਥਿਤੀ ’ਚ ਸਨ ਅਤੇ ਕਿਸੇ ਨੂੰ ਵੀ ਮਿਲਣ ਨਹੀਂ ਸੀ ਦਿਤਾ ਜਾ ਰਿਹਾ। ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੂੰ ਵੀ ਮਿਲਣ ਦੀ ਆਗਿਆ ਨਹੀਂ ਸੀ ਮਿਲੀ। ਇਸ ਤੋਂ ਬਾਅਦ ਬਾਰਡਰਾਂ ਉਪਰ ਸੰਘਰਸ਼ ਚਲਾ ਰਹੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ-ਮਜ਼ਦੂਰ ਮੋਰਚੇ ਵਲੋਂ ਡੱਲੇਵਾਲ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਪਹਿਲੀ ਦਸੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿਤਾ ਸੀ।
ਕਿਸਾਨ ਆਗੂਆਂ ਨਾਲ ਡੱਲੇਵਾਲ ਨੂੰ ਚੁੱਕਣ ਤੋਂ ਬਾਅਦ ਹੋਈ ਪਹਿਲੀ ਮੀਟਿੰਗ ਬੇਨਤੀਜਾ ਰਹੀ ਸੀ। ਕਿਸਾਨ ਆਗੂਆਂ ਨੇ ਪੁਲਿਸ ਅਫ਼ਸਰਾਂ ਨੂੰ ਦੋ ਟੁੱਕ ਕਹਿ ਦਿਤਾ ਸੀ ਕਿ ਡੱਲੇਵਾਲ ਦੀ ਵਾਪਸੀ ਬਿਨਾਂ ਗੱਲ ਅੱਗੇ ਹੀ ਤੁਰੇਗੀ। ਹੁਣ ਲਗਾਤਾਰ ਕਿਸਾਨਾਂ ਦਾ ਇਕੱਠ ਬਾਰਡਰਾਂ ਉਪਰ ਵਧਣਾ ਸ਼ੁਰੂ ਹੋ ਗਿਆ ਸੀ ਅਤੇ ਕਿਸਾਨਾਂ ’ਚ ਪੰਜਾਬ ਅੰਦਰ ਰੋਸ ਵਧ ਰਿਹਾ ਸੀ। ਇਸਦੇ ਮੱਦੇਨਜ਼ਰ ਅੱਜ ਮੁੜ ਸਰਕਾਰ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਤਹਿਤ ਗੱਲਬਾਤ ਸ਼ੁਰੂ ਕੀਤੀ।
ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਤੇ ਹੋਰ ਅਧਿਕਾਰੀਆਂ ਨੇ ਗੱਲਬਾਤ ਕੀਤੀ ਅਤੇ ਆਖ਼ਰ ਡੱਲੇਵਾਲ ਦੀ ਰਿਹਾਈ ਦੀ ਮੰਗ ਮੰਨਣੀ ਪਈ ਹੈ। ਮੀਟਿੰਗ ’ਚ ਸਹਿਮਤੀ ਬਨਣ ਬਾਅਦ ਕਿਸਾਨ ਆਗੂ ਡੱਲੇਵਾਲ ਨੂੰ ਲੈਣ ਲੁਧਿਆਣਾ ਵੱਲ ਰਵਾਨਾ ਹੋਏ। ਇਸੇ ਦੌਰਾਨ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰਵਾਇਆ ਜਾ ਰਿਹਾ ਹੈ। ਹਾਲੇ ਭਾਵੇਂ ਪਹਿਲੀ ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਬਰਕਰਾਰ ਹੈ ਪਰ ਡੱਲੇਵਾਲ ਦੀ ਵਾਪਸੀ ਬਾਅਦ ਸਾਰੀ ਸਥਿਤੀ ’ਤੇ ਵਿਚਾਰ ਕਰ ਕੇ ਫ਼ੈਸਲਾ ਲਿਆ ਜਾਵੇਗਾ। ਕਿਸਾਨ-ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ 6 ਦਸੰਬਰ ਨੂੰ ਦਿੱਲੀ ਕੂਚ ਦੀ ਵੱਡੀ ਪੱਧਰ ’ਤੇ ਤਿਆਰੀ ਕਰ ਰਹੇ ਹਨ ਅਤੇ ਇਹ ਮਾਰਚ ਹਰ ਹਾਲਤ ’ਚ ਕੀਤਾ ਜਾਵੇਗਾ। ਇਸ ਦੀ ਅੰਤਮ ਰੂਪਰੇਖਾ ਇਕ ਦੋ ਦਿਨਾਂ ’ਚ ਹੀ ਮੀਟਿੰਗ ਕਰ ਕੇ ਬਣਾਈ ਜਾਵੇਗੀ। ਫ਼ਿਲਹਾਲ ਪੈਦਲ ਮਾਰਚ ਦਾ ਫ਼ੈਸਲਾ ਹੀ ਬਰਕਰਾਰ ਹੈ ਪਰ ਮੀਟਿੰਗ ’ਚ ਸਥਿਤੀਆਂ ਮੁਤਾਬਕ ਅੰਤਮ ਫ਼ੈਸਲਾ ਲਿਆ ਜਾਵੇਗਾ।
ਅਸੀਂ ਪੰਜਾਬ ਦੇ ਹਿਤਾਂ ਦੀ ਲੜਾਈ ਹੀ ਲੜ ਰਹੇ ਹਾਂ : ਕਿਸਾਨ ਆਗੂ ਡੱਲੇਵਾਲ
ਲੁਧਿਆਣਾ : ਹਸਪਤਾਲ ਵਿਚ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਹਿਰਾਸਤ ’ਚੋਂ ਰਿਹਾਅ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਨੁਕਸਾਨ ਪੰਹੁਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਖਨੌਰੀ ਮੋਰਚੇ ਤੇ ਸੁਖਜੀਤ ਸਿੰਘ ਹਰਦੋਝੰਡੇ ਨੇ ਮਰਨ ਵਰਤ ਸ਼ੁਰੂ ਕਰ ਕੇ ਝੰਡਾ ਬੁਲੰਦ ਰਖਿਆ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਨਾ ਹੀ ਮੇਰੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਤੇ ਨਾ ਹੀ ਕੋਈ ਹੋਰ ਮੈਡੀਕਲ ਜਾਂਚ ਕਰਵਾਈ ਗਈ। ਉਲਟਾ ਹਸਪਤਾਲ ਵਿਚ ਮੇਰੇ ਨਾਲ ਵਾਲੇ ਮਰੀਜ਼ਾਂ ਦੇ ਮੋਬਾਈਲ ਤਕ ਵੀ ਜ਼ਬਤ ਕਰ ਲਏ ਗਏ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹਿਤ ਦੀ ਲੜਾਈ ਹੀ ਲੜੇ ਰਹੇ ਹਾਂ ਪਰ ਪੰਜਾਬ ਸਰਕਾਰ ਨੇ ਕਾਰਵਾਈ ਕਰ ਕੇ ਕੇਂਦਰ ਨਾਲ ਭਾਈਵਾਲੀ ਨਿਭਾਈ ਹੈ। ਐਮਐਸਪੀ ਦੀ ਗਾਰੰਟੀ ਮਿਲਦੀ ਹੈ ਤਾਂ ਇਸ ਦਾ ਪੰਜਾਬ ਨੂੰ ਹੀ ਜ਼ਿਆਦਾ ਫ਼ਾਇਦਾ ਹੋਵੇਗਾ। ਉਨ੍ਹਾਂ ਮੰਗਾਂ ਮੰਨਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਮਰਨ ਵਰਤ ਜਾਰੀ ਰੱਖਣ ਦੀ ਗੱਲ ਕਹੀ ਹੈ।