
ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ
10 ਲੱਖ ਨਵੇਂ ਵੋਟਰ ਪਾ ਕੇ ਕੁਲ ਸਵਾ 2 ਕਰੋੜ ਦਾ ਅੰਕੜਾ, ਕੁਲ 24000 ਬੂਥਾਂ ਲਈ 50,000 ਈ.ਵੀ.ਐਮ ਮਸ਼ੀਨਾਂ
ਚੰਡੀਗੜ੍ਹ, 28 ਦਸੰਬਰ (ਜੀ.ਸੀ. ਭਾਰਦਵਾਜ) : ਪਿਛਲੇ ਇਕ ਮਹੀਨੇ ਤੋਂ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨ ਅੰਦੋਲਨ ਦੇ ਭਖਦੇ ਮਾਹੌਲ ਵਿਚ ਪੰਜਾਬ ਵਿਧਾਨ ਸਭਾ ਦੀ 117 ਸੀਟਾਂ ਦੀਆਂ ਅਗਲੀਆਂ ਚੋਣਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਵਾਸਤੇ ਜ਼ੋਰਦਾਰ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਪੰਜ ਸਾਲਾਂ ਬਾਅਦ ਜਨਵਰੀ ਫ਼ਰਵਰੀ 2022 ਵਿਚ ਹੋਣ ਵਾਲੀਆਂ ਚੋਣਾਂ ਵਾਸਤੇ ਰਾਜ ਸਰਕਾਰ ਦੇ ਅਗਲੇ ਬਜਟ ਵਿਚ 400 ਕਰੋੜ ਦੇ ਖ਼ਰਚੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਇਸ ਤੋਂ ਪਹਿਲਾਂ ਜਨਵਰੀ 2017 ਵਿਚ ਚੋਣਾਂ ਹੋਈਆਂ ਸਨ |
ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਇਕ ਵਿਸ਼ੇਸ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਸਫ਼ਲਤਾ ਪੂਰਵਕ ਸਿਰੇ ਚਾੜ੍ਹਨ ਵਾਲੇ ਉਥੋਂ ਦੇ ਸੀਨੀਅਰ ਚੋਣ ਅਧਿਕਾਰੀ ਸ਼੍ਰੀਨਿਵਾਸ ਤੇ ਉਸ ਦੀ ਟੀਮ ਕੋਲੋਂ ਵਿਸ਼ੇਸ਼ ਜਾਣਕਾਰੀ ਤੇ ਟ੍ਰੇਨਿੰਗ ਦੇ ਨੁਕਤੇ ਸਿਖਣ ਲਈ ਇਥੋਂ ਪੰਜਾਬ ਦੀ ਟੀਮ, ਆਉਂਦੇ ਦਿਨਾਂ ਵਿਚ ਮੈਡਮ ਮਾਧਵ ਕਟਾਰੀਆ ਦੀ ਅਗਵਾਈ ਵਿਚ ਪਟਨਾ ਰਵਾਨਾ ਹੋਵੇਗੀ | ਇਹ ਟੀਮ ਉਥੇ ਕੁੱਝ ਦਿਨ ਰਹਿ ਕੇ ਉਨ੍ਹਾਂ ਨੁਕਤਿਆਂ, ਮੁੱਦਿਆਂ, ਵਾਧੂ ਸਟਾਫ਼, ਪੀ.ਪੀ. ਕਿੱਟਾਂ, ਕੋਰੋਨਾ ਗ੍ਰਸਤ ਤੇ ਪੀੜਤ ਵੋਟਰਾਂ ਨੂੰ ਚੋਣ ਬੂਥਾਂ ਤਕ ਪਹੁੰਚਾਉਣ ਦੇ ਪ੍ਰਬੰਧਾਂ ਆਦਿ ਦਾ ਜਾਇਜ਼ਾ ਲਵੇਗੀ ਜੋ ਚੋਣਾਂ ਨੇਪਰੇ ਚਾੜ੍ਹਨ ਲਈ ਬਿਹਾਰ ਵਾਂਗ ਇਥੇ ਪੰਜਾਬ ਵਿਚ ਵੀ ਜ਼ਰੂਰੀ ਹੋਣਗੇ |
ਡਾ. ਕਰਨਾ ਰਾਜੂ ਨੇ ਦਸਿਆ ਕਿ 2017 ਚੋਣਾਂ ਲਈ ਸੂਬਾ ਸਰਕਾਰ ਨੇ 270 ਕਰੋੜ ਦੀ ਰਕਮ ਰੱਖੀ ਸੀ, ਮਗਰੋਂ 2019 ਲੋਕ ਸਭਾ ਚੋਣਾਂ ਲਈ 360 ਕਰੋੜ ਦਾ ਬਜਟ ਸੀ, ਜਦੋਂ ਕਿ ਹੁਣ 2022 ਵਿਧਾਨ ਸਭਾ ਚੋਣਾਂ ਲਈ ਇਹ ਖ਼ਰਚੀ ਜਾਣ ਵਾਲੀ ਰਕਮ 400 ਕਰੋੜ ਤਕ ਪਹੁੰਚ ਜਾਵੇਗੀ | ਵਿਧਾਨ ਸਭਾ ਚੋਣਾਂ ਲਈ ਖ਼ਰਚਾ, ਰਾਜ ਸਰਕਾਰ ਦੇ ਸਿਰ ਪੈਂਦਾ ਹੈ ਜਦੋਂ ਕਿ ਲੋਕ ਸਭਾ ਦੀਆਂ 13 ਸੀਟਾਂ ਲਈ ਚੋਣਾਂ ਦਾ ਖ਼ਰਚਾ, ਸਾਰਾ ਕੇਂਦਰ ਸਰਕਾਰ ਦਿੰਦੀ ਹੈ | ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਪਹਿਲੀ ਜਨਵਰੀ ਨੂੰ 18 ਸਾਲ ਦੀ ਉਮਰ ਵਾਲੇ ਨਵੇਂ ਵੋਟਰ ਲੜਕੇ ਤੇ ਲੜਕੀਆਂ ਦੀਆਂ ਵੋਟਾਂ 10 ਲੱਖ ਤੋਂ ਵੱਧ ਨਵੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਨਾਲ 2,11,00,000 ਤੋਂ ਵੱਧ ਕੇ ਕੁਲ ਵੋਟਾਂ ਦੀ ਗਿਣਤੀ ਸਵਾ ਦੋ ਕਰੋੋੜ ਤਕ ਪਹੁੰਚ ਜਾਵੇਗੀ | ਉਨ੍ਹਾਂ ਕਿਹਾ ਕਿ ਕੁਲ 24,000 ਤੋਂ ਵੱਧ ਪੋਿਲੰਗ ਬੂਥ ਸਥਾਪਤ ਕੀਤੇ ਜਾਣੇ ਹਨ ਜਿਨ੍ਹਾਂ 'ਤੇ ਵੀ.ਵੀ. ਪੈਟ ਮਸ਼ੀਨਾਂ ਪਾ ਕੇ ਕੁਲ 50,000 ਮਸ਼ੀਨਾਂ ਦਾ ਬੰਦੋਬਸਤ ਕੀਤਾ ਜਾਣਾ ਹੈ ਅਤੇ ਹਰ ਇਕ ਬੂਥ ਦਾ ਵੀਡੀਉ ਿਲੰਕ, ਕੈਮਰੇ, ਸਟਾਫ਼, ਸੁਰੱਖਿਆ ਦਾ ਪ੍ਰਬੰਧ ਵੀ ਹੋਣਾ ਹੈ |
ਰੋਪੜ ਜ਼ਿਲ੍ਹੇ ਤੋਂ ਹਰੀਜਨ ਬਸਤੀ ਨਾਮ ਦਾ ਲਿਖਿਆ ਬੋਰਡ ਬਾਰੇ ਮਿਲੀ ਸ਼ਿਕਾਇਤ ਤੋਂ ਦੁਖੀ ਹੋਏ ਇਸ ਸੀਨੀਅਰ ਆਈ.ਏ.ਐਸ. ਅਧਿਕਾਰੀ ਨੇ ਦਸਿਆ ਕਿ 40 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਹਰੀਜਨ, ਗਿਰੀਜਨ ਆਦਿ ਸ਼ਬਦ ਲਿਖਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਅਫ਼ਸੋਸ ਕਿ ਪੰਜਾਬ ਵਿਚ ਅਜੇ ਵੀ ਅਨੁਸੂਚਿਤ ਜਾਤੀ ਦੇ ਵਸਨੀਕਾਂ ਵਾਸਤੇ ਬਸਤੀਆਂ ਦਾ ਨਾਮ ਇਨ੍ਹਾਂ ਸ਼ਬਦਾਂ ਨਾਲ ਲਿਖਿਆ ਜਾਂਦਾ ਹੈ ਜੋ ਗ਼ੈਰ ਕਾਨੂੰਨੀ ਹਨ | ਡਾ. ਕਰਨਾ ਰਾਜੂ ਨੇ ਅੱਜ ਸ਼ਾਮ 117 ਐਸ.ਡੀ.ਐਮ ਤੇ 22 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਡੀਵੀਉ ਕਾਨਫ਼ਰੰਸ ਰਾਹੀਂ ਸਖ਼ਤ ਹਦਾਇਤ ਕੀਤੀ ਕਿ ਜਾਤੀ ਸੂਚਕ ਸ਼ਬਦ ਯਾਨੀ ਹਰੀਜਨ ਆਦਿ ਸ਼ਬਦਾਂ ਦਾ ਪ੍ਰਯੋਗ ਨਾ ਤਾਂ ਪਿੰਡਾਂ, ਬਸਤੀਆਂ, ਕਲੋਨੀਆਂ ਆਦਿ ਵਿਚ ਕਰਨਾ ਹੈ ਅਤੇ ਨਾ ਹੀ ਵੋਟਰ ਲਿਸਟਾਂ ਲਈ ਕਰਨਾ ਹੈ |
ਪੰਜਾਬ ਵਿਚ ਕੁਲ 117 ਵਿਧਾਨ ਸਭਾ ਹਲਕਿਆਂ ਵਿਚੋਂ 34 ਹਲਕੇ ਰਿਜ਼ਰਵ ਹਨ ਜਿਨ੍ਹਾਂ 'ਤੇ ਕੇਵਲ ਅਨੁਸੂਚਿਤ ਜਾਤੀ ਉਮੀਦਵਾਰ ਹੀ ਚੋਣਾਂ ਵਾਸਤੇ ਖੜਦੇ ਹਨ | ਵਿਧਾਨ ਸਭਾ ਉਮੀਦਵਾਰ ਲਈ ਚੋਣ ਖ਼ਰਚੇ ਦੀ ਹੱਦ 28 ਲੱਖ ਤੋਂ ਵਧਾ ਕੇ 30,08,000 ਰੁਪਏ ਕਰ ਦਿਤੀ ਹੈ ਜੋ ਜਨਰਲ ਤੇ ਰਿਜ਼ਰਵ ਉਮੀਦਵਾਰਾਂ ਲਈ ਇਕੋ ਜਿੰਨੀ ਹੈ | image