
'ਗਾਂਧੀ ਨੂੰ ਕੱਢੀ ਗਾਲ੍ਹ ਦਾ ਅਫ਼ਸੋਸ ਨਹੀਂ, ਮੌਤ ਦੀ ਸਜ਼ਾ ਵੀ ਮਨਜ਼ੂਰ'
ਰਾਏਪੁਰ, 28 ਦਸੰਬਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੀ ਧਰਮ ਸੰਸਦ ਵਿਚ ਮਹਾਤਮਾ ਗਾਂਧੀ ਨੂੰ ਗਾਲਾਂ ਕੱਢਣ ਤੋਂ ਬਾਅਦ ਦੇਸ਼ ਭਰ ਵਿਚ ਚਰਚਾ ਦਾ ਕਾਰਨ ਬਣੇ ਮਹਾਰਾਸ਼ਟਰ ਦੇ ਸੰਤ ਕਾਲੀਚਰਨ ਦਾ ਇਕ ਨਵਾਂ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਗਾਂਧੀ ਲਈ ਮੰਦੀ ਸ਼ਬਦਾਵਲੀ ਵਰਤਣ ਲਈ ਮੇਰੇ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ, ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ | ਮੈਂ ਗਾਂਧੀ ਨੂੰ ਨਫਰਤ ਕਰਦਾ ਹਾਂ, ਮੇਰੇ ਦਿਲ ਵਿਚ ਗਾਂਧੀ ਲਈ ਨਫਰਤ ਹੈ |
ਅਪਣੇ ਤਾਜ਼ਾ ਬਿਆਨ ਵਿਚ ਕਾਲੀਚਰਨ ਨੇ ਗੋਡਸੇ ਨੂੰ ਮਹਾਤਮਾ ਦਸਦੇ ਹੋਏ ਕਿਹਾ ਕਿ ਮੈਂ ਗੋਡਸੇ ਨੂੰ ਪ੍ਰਣਾਮ ਕਰਦਾ ਹਾਂ | ਕਾਲੀਚਰਨ ਰਾਏਪੁਰ ਦੀ ਧਰਮ ਸੰਸਦ ਵਿਚ ਮਹਾਤਮਾ ਗਾਂਧੀ ਲਈ ਅਪਸ਼ਬਦ ਬੋਲ ਕੇ ਸਟੇਜ ਤੋਂ ਫਰਾਰ ਹੋ ਗਏ ਸਨ | ਸੋਮਵਾਰ ਅੱਧੀ ਰਾਤ ਨੂੰ ਕਾਲੀਚਰਨ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਅਪਣਾ ਪੱਖ ਰਖਦੇ ਹੋਏ ਇਕ ਵੀਡੀਉ ਜਾਰੀ ਕੀਤੀ | ਫਿਰ ਲਗਭਗ ਉਹੀ ਗੱਲਾਂ ਦੁਹਰਾਈਆਂ ਗਈਆਂ, ਜਿਨ੍ਹਾਂ ਕਾਰਨ ਉਸ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ | ਲਗਭਗ 8 ਮਿੰਟ 51 ਸੈਕਿੰਡ ਦੀ ਇਸ ਵੀਡੀਉ ਵਿਚ ਕਾਲੀਚਰਨ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ |
ਉਨ੍ਹਾਂ ਕਿਹਾ ਹੈ ਕਿ ਗਾਂਧੀ ਦੇ ਕਾਰਨ ਹੀ ਸਰਦਾਰ ਵੱਲਭ ਭਾਈ ਪਟੇਲ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕੇ | ਜੇਕਰ ਸਰਦਾਰ ਵੱਲਭ ਭਾਈ ਪਟੇਲ ਪ੍ਰਧਾਨ ਮੰਤਰੀ ਬਣੇ ਹੁੰਦੇ ਤਾਂ ਅੱਜ ਭਾਰਤ ਅਮਰੀਕਾ ਤੋਂ ਵੀ ਵੱਡੀ ਤਾਕਤ ਬਣ ਸਕਦਾ ਸੀ | ਕਾਲੀਚਰਨ ਨੇ ਮਹਾਤਮਾ ਗਾਂਧੀ 'ਤੇ ਵੰਸ਼ਵਾਦ ਨੂੰ ਉਤਸ਼ਾਹਤ ਕਰਨ, ਭਗਤ ਸਿੰਘ, ਰਾਜਗੁਰੂ ਦੀ ਫਾਂਸੀ ਨੂੰ ਨਾ ਰੁਕਵਾਉਣ ਦਾ ਦੋਸ਼ ਲਗਾਇਆ |
ਇਸ ਤੋਂ ਇਲਾਵਾ ਵੀਡੀਉ ਵਿਚ ਕਾਲੀਚਰਨ ਨੇ ਕਿਹਾ ਹੈ ਕਿ ਕੋਈ ਵੀ ਰਾਸ਼ਟਰਪਿਤਾ ਨਹੀਂ ਹੋ ਸਕਦਾ | ਜੇ ਕਿਸੇ ਨੂੰ ਰਾਸ਼ਟਰਪਿਤਾ ਬਣਾਉਣਾ ਹੈ ਤਾਂ ਛਤਰਪਤੀ ਸ਼ਿਵਾਜੀ, ਰਾਣਾ ਪ੍ਰਤਾਪ ਅਤੇ ਸਰਦਾਰ ਪਟੇਲ ਵਰਗੇ ਲੋਕਾਂ ਨੂੰ ਬਣਾਉਣਾ ਚਾਹੀਦਾ ਹੈ, ਜਿਨ੍ਹਾਂ ਨੇ ਰਾਸ਼ਟਰਕੁਲ ਨੂੰ ਇਕਜੁਟ ਕਰਨ ਦਾ ਕੰਮ ਕੀਤਾ ਹੈ | ਉਨ੍ਹਾਂ ਦੇਸ਼ ਦੀ ਵੰਡ ਲਈ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ |
ਦੱਸਣਯੋਗ ਹੈ ਕਿ ਕਾਲੀਚਰਨ ਨੇ ਰਾਏਪੁਰ ਪੁਲਿਸ ਵਲੋਂ ਐਫ਼ਆਈਆਰ ਦਰਜ ਕਰਨ ਦੇ ਮਾਮਲੇ 'ਤੇ ਕਿਹਾ ਹੈ ਕਿ ਜੇਕਰ ਮੈਨੂੰ ਸੱਚ ਬੋਲਣ 'ਤੇ ਮੌਤ ਦੀ ਸਜ਼ਾ ਵੀ ਦਿਤੀ ਜਾਂਦੀ ਹੈ ਤਾਂ ਵੀ ਉਹ ਮੌਤ ਨੂੰ ਸਵੀਕਾਰ ਕਰਨਗੇ | (ਏਜੰਸੀ)