
'ਓਮੀਕਰੋਨ' ਨੇ ਦੁਨੀਆਂ ਭਰ 'ਚ ਮਚਾਇਆ ਕਹਿਰ
ਚਾਰ ਦਿਨਾਂ 'ਚ 11,500 ਉਡਾਣਾਂ ਹੋਈਆਂ ਰੱਦ
ਵਾਸ਼ਿੰਗਟਨ, 28 ਦਸੰਬਰ : ਕੋਰੋਨਾ ਵਾਇਰਸ ਦੇ ਪੰਜ ਗੁਣਾ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵੇਰੀਐਂਟ ਓਮੀਕਰੋਨ ਦਾ ਸਿੱਧਾ ਅਸਰ ਕੌਮਾਂਤਰੀ ਯਾਤਰਾ 'ਤੇ ਪਿਆ ਹੈ | ਕਿ੍ਸਮਸ ਵੀਕਐਂਡ 'ਤੇ ਕੌਮਾਂਤਰੀ ਯਾਤਰਾ ਨੂੰ ਲੈ ਕੇ ਸੋਮਵਾਰ ਨੂੰ ਹਫੜਾ-ਦਫੜੀ ਮਚ ਗਈ | ਯੂਰਪ ਤੇ ਯੂ.ਐਸ. ਦੇ ਕਈ ਰਾਜਾਂ ਵਿਚ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ਤਕ ਪਹੁੰਚਣ ਕਰ ਕੇ ਵੱਡੀਆਂ ਉਡਾਣਾਂ ਰੱਦ ਕਰ ਦਿਤੀਆਂ ਗਈਆਂ, ਜਿਸ ਕਰ ਕੇ ਲੱਖਾਂ ਲੋਕ ਛੁੱਟੀਆਂ ਦੀ ਬ੍ਰੇਕ ਤੋਂ ਵਾਪਸ ਪਰਤ ਰਹੇ ਹਨ | ਸ਼ੁਕਰਵਾਰ ਤੋਂ ਦੁਨੀਆ ਭਰ ਵਿਚ ਲਗਭਗ 11,500 ਉਡਾਣਾਂ ਰੱਦ ਕੀਤੀਆਂ ਗਈਆਂ ਹਨ | ਸਾਲ ਦੀ ਸੱਭ ਤੋਂ ਵਿਅਸਤ ਯਾਤਰਾ ਸਮੇਂ ਦੌਰਾਨ ਹਜ਼ਾਰਾਂ ਉਡਾਣਾਂ ਵਿਚ ਦੇਰ ਹੋਈ ਹੈ | ਕਈ ਏਅਰਲਾਈਨਾਂ ਨੇ ਕਿਹਾ ਹੈ ਕਿ ਕਰੂ ਮੈਂਬਰਜ਼ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਉਡਾਣਾਂ ਰੱਦ ਕੀਤੀਆਂ ਗਈਆਂ ਹਨ |
ਰਿਪੋਰਟਾਂ ਮੁਤਾਬਕ ਓਮੀਕਰੋਨ ਦਾ ਦੁਨੀਆ ਭਰ ਦੀਆਂ ਏਅਰਲਾਈਨਾਂ 'ਤੇ ਅਸਰ ਪਿਆ ਹੈ | ਸੋਮਵਾਰ ਨੂੰ ਲਗਭਗ 3,000 ਉਡਾਣਾਂ ਰੱਦ ਕਰ ਦਿਤੀਆਂ ਗਈਆਂ | ਮੰਗਲਵਾਰ ਲਈ 1,100 ਹੋਰ ਉਡਾਣਾਂ ਰੱਦ ਕਰ ਕੀਤੀਆਂ ਗਈਆਂ ਹਨ | ਇਸ ਦੌਰਾਨ ਯੂਐਸ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸੋਮਵਾਰ ਤੋਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਆਈਸੋਲੇਸ਼ਨ ਨੂੰ 10 ਦਿਨਾਂ ਤੋਂ ਘਟਾ ਕੇ 5 ਦਿਨਾਂ ਤਕ ਕਰ ਦਿਤਾ ਹੈ ਤਾਂ ਜੋ ਵਧੇਰੇ ਲੋਕਾਂ ਦੇ ਕੰਮ 'ਤੇ ਵਾਪਸ ਆਉਣ ਅਤੇ ਮਜ਼ਦੂਰਾਂ ਦੀ ਘਾਟ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ |
ਅਮਰੀਕਾ ਦੇ ਨਿਊਯਾਰਕ 'ਚ ਓਮੀਕਰੋਨ ਦੇ ਮਾਮਲਿਆਂ 'ਚ ਵਾਧੇ ਦੇ ਨਾਲ ਹੀ ਹਸਪਤਾਲ 'ਚ ਦਾਖ਼ਲ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ | ਨਿਊਯਾਰਕ ਹੈਲਥ ਡਿਪਾਰਟਮੈਂਟ ਦੇ ਮੁਤਾਬਕ, ਹਸਪਤਾਲ 'ਚ ਭਰਤੀ 18 ਸਾਲ ਤੋਂ ਵੱਧ ਉਮਰ ਦੇ ਕੋਰੋਨਾ ਮਰੀਜ਼ਾਂ 'ਚ ਚਾਰ ਗੁਣਾ ਵਾਧਾ ਹੋਇਆ ਹੈ |
ਪੀੜਤ ਲੋਕਾਂ ਵਿਚੋਂ ਅਧਿਆਂ ਦੀ ਉਮਰ 5 ਸਾਲ ਤੋਂ ਘੱਟ ਹੈ | ਜਨਵਰੀ ਵਿਚ ਹੋਰ ਮਾਮਲਿਆਂ ਵਿਚ ਵਾਧਾ ਹੋਣ ਦੀ ਉਮੀਦ ਹੈ | ਇਸ ਲਈ ਟੈਸਟਿੰਗ ਅਤੇ ਟੀਕਾਕਰਨ 'ਤੇ ਜ਼ਿਆਦਾ ਜ਼ੋਰ ਦਿਤਾ ਜਾ ਰਿਹਾ ਹੈ |
ਰਾਸ਼ਟਰਪਤੀ ਜੋਅ ਬਿਡੇਨ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਂਥਨੀ ਫੌਸੀ ਨੇ ਅਪੀਲ ਕੀਤੀ ਹੈ ਕਿ ਲੋਕ ਬੰਦ ਥਾਵਾਂ 'ਤੇ ਪਾਰਟੀਆਂ ਜਾਂ ਜਸ਼ਨਾਂ 'ਤੇ ਨਾ ਜਾਣ, ਜਿਥੇ ਤੁਹਾਨੂੰ ਇਹ ਨਹੀਂ ਪਤਾ ਕਿ ਕਿਸ ਨੂੰ ਟੀਕਾ ਲੱਗਾ ਹੋਇਆ ਹੈ ਅਤੇ ਕਿਸ ਨੂੰ ਨਹੀਂ | ਘੱਟ ਲੋਕਾਂ ਨਾਲ ਘਰ ਵਿਚ ਜਸ਼ਨ ਮਨਾਓ, ਜਿਥੇ ਹਰ ਕਿਸੇ ਨੂੰ ਇਕ-ਦੂਜੇ ਦੇ ਟੀਕਾਕਰਨ ਬਾਰੇ ਪਤਾ ਹੋਵੇ | ਉਨ੍ਹਾਂ ਲੋਕਾਂ ਨੂੰ ਜਾਂਚ ਕਰਨ ਦੀ ਵੀ ਅਪੀਲ ਕੀਤੀ | (ਏਜੰਸੀ)