
ਹਰਿਵੱਲਭ ਸੰਮੇਲਨ ਦੇ ਅਖ਼ੀਰਲੇ ਦਿਨ ਡਾ. ਅਲੰਕਾਰ ਸਿੰਘ ਨੇ ਕੀਤੀ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ
ਜਲੰਧਰ, 28 ਦਸੰਬਰ (ਪ.ਪ.) : ਜਲੰਧਰ ਦੇ ਦੇਵੀ ਤਲਾਬ ਮੰਦਿਰ ਵਿਖੇ ਭਾਰਤ ਦੇ ਸੱਭ ਤੋਂ ਪੁਰਾਣੇ ਅਤੇ ਪ੍ਰਸਿੱਧ ਹਰਿਵੱਲਭ ਸੰਗੀਤ ਸੰਮੇਲਨ ਦਾ ਤਿੰਨ-ਰੋਜ਼ਾ ਆਯੋਜਨ ਮਿਤੀ 24-26 ਦਸੰਬਰ ਨੂੰ ਹੋਇਆ।
ਇਸ 146ਵੇਂ ਸੰਮੇਲਨ ਦੇ ਅਖੀਰਲੇ ਦਿਨ ਦੇਸ਼ ਭਰ ਤੋਂ ਪਧਾਰੇ ਵੱਖ-ਵੱਖ ਗਾਇਕ ਅਤੇ ਵਾਦਕ ਕਲਾਕਾਰਾਂ ਨੇ ਅਪਣੀ ਕਲਾ ਦੇ ਜੌਹਰ ਵਿਖਾਏ ਜਿਨ੍ਹਾਂ ਵਿਚ ਕੌਸ਼ਿਕੀ ਚਕਰਵਰਤੀ (ਗਾਇਨ), ਪੰਡਤ ਸੁਧੀਰ ਪਾਂਡੇ (ਤਬਲਾ), ਪੰਡਤ ਸੁਭਾਸ਼ ਘੋਸ਼ (ਸਰਸਵਾਣੀ), ਸਾਨੀਆ ਪਟਨਕਰ (ਗਾਇਨ) ਤੋਂ ਇਲਾਵਾ ਪਟਿਆਲਾ ਤੋਂ ਡਾ. ਅਲੰਕਾਰ ਸਿੰਘ ਨੇ ਵੀ ਸ਼ਾਸਤਰੀ ਗਾਇਨ ਪ੍ਰਸਤੁਤ ਕੀਤਾ।
ਵਰਣਨਯੋਗ ਹੈ ਕਿ ਜਲੰਧਰ ਸ਼ਹਿਰ ਵਿਚ ਆਯੋਜਤ ਇਸ ਸੰਮੇਲਨ ਨੂੰ ਸੰਗੀਤਕਾਰਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ।
ਪੰਜਾਬੀ ਯੂਨੀਵਰਸਟੀ ਦੀ ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਡਾ. ਅਲੰਕਾਰ ਸਿੰਘ ਨੇ ਚੌਥੀ ਵਾਰ ਇਸ ਸੰਮੇਲਨ ਵਿਚ ਸ਼ਿਰਕਤ ਕੀਤੀ ਅਤੇ ਸਰੋਤਿਆਂ ਦੀ ਵਾਹ-ਵਾਹ ਲੁੱਟੀ। ਆਪ ਨੇ ਰਾਗ ਪੂਰੀਆ ਧਨਾਸ਼ਰੀ ਵਿਚ ਵਿਲੰਬਿਤ ਅਤੇ ਦਰੁਤ ਖ਼ਿਆਲ ਤੋਂ ਬਾਅਦ ਰਾਗ ਮਾਰੂ ਬਿਹਾਗ ਵਿਚ ਦੋ ਖ਼ਿਆਲ ਰਚਨਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਲਹਿੰਦੀ ਪੰਜਾਬੀ ਭਾਸ਼ਾ ਵਿਚ ਬੰਦਿਸ਼ ਦਾ ਰਾਗ ਨੰਦ ਵਿਚ ਖੂਬਸੂਰਤ ਗਾਇਨ ਕੀਤਾ ਜਿਸ ਦੇ ਬੋਲ ਸਨ : ਤੂੰ ਤਾਂ ਸਾਡੀ ਪੀੜ ਨਾ ਜਾਣੀ। ਆਪ ਨਾਲ ਹਾਰਮੋਨੀਅਮ ਸੰਗਤ ਬਨਸਥਲੀ, ਰਾਜਸਥਾਨ ਤੋਂ ਪਧਾਰੇ ਪੰਡਿਤ ਰਾਜੇਂਦ੍ਰ ਪ੍ਰਸਾਦ ਬੈਨਰਜੀ, ਤਬਲਾ ਸੰਗਤ ਦਿੱਲੀ ਦੇ ਪੰਡਤ ਦੁਰਜੇ ਭੌਮਿਕ ਅਤੇ ਗੁਰਮਤਿ ਸੰਗੀਤ ਦੇ ਤੰਤੀ ਸਾਜ਼ ਦਿਲਰੁਬਾ ’ਤੇ ਸੰਗੀਤ ਜਲੰਧਰ ਦੇ ਕਲਾਕਾਰ ਸ. ਸੰਦੀਪ ਸਿੰਘ ਨੇ ਕੀਤੀ।
ਨਵੇਂ ਬਣੇ ਹਰਿਵੱਲਭ ਸੰਗੀਤ ਭਵਨ ਵਿਚ ਪਹਿਲੀ ਵਾਰ ਇਸ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਦਕਿ ਕੋਵਿਡ ਤੋਂ ਪਹਿਲਾਂ ਬਾਹਰ ਖੁਲ੍ਹੇ ਪੰਡਾਲ ਵਿਚ ਇਹ ਸੰਮੇਲਨ ਕਰਵਾਇਆ ਜਾਂਦਾ
ਰਿਹਾ ਹੈ।