
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕ੍ਰਾਂਤੀਕਾਰੀ ਫਲਸਫੇ ਤੋਂ ਸਿੱਖਿਆ ਲੈਂਦੇ ਹੋਏ ਸੰਘਰਸ਼ ਦੇ ਰਾਹ ’ਤੇ ਅਗਰਸਰ ਹੋਣਾ ਪਵੇਗਾ
ਅੰਮ੍ਰਿਤਸਰ- 26 ਨਵੰਬਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਪੰਜਾਬ ਭਰ ਦੇ ਡੀਸੀ ਦਫਤਰਾਂ ਤੋਂ ਸ਼ੁਰੂ ਹੋਏ ਅੰਦੋਲਨ ਪੰਜਾਬ ਭਰ ਵਿੱਚ ਜਾਰੀ ਹਨ | ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ ਨੂੰ ਮਨਾਉਂਦੇ ਹੋਏ ਜਥੇਬੰਦੀ ਵੱਲੋਂ ਵੱਖ ਵੱਖ ਥਾਵਾਂ ’ਤੇ ਕੀਰਤਨ ਸਮਾਗਮ ਕਰਵਾ ਕੇ ਸ਼ਰਧਾ ਭਾਵਨਾ ਨਾਲ ਗੁਰਪੁਰਬ ਮਨਾਏ ਗਏ |
ਇਸ ਮੌਕੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕ੍ਰਾਂਤੀਕਾਰੀ ਫਲਸਫੇ ਤੋਂ ਸਿੱਖਿਆ ਲੈਂਦੇ ਹੋਏ ਸੰਘਰਸ਼ ਦੇ ਰਾਹ ’ਤੇ ਅਗਰਸਰ ਹੋਣਾ ਪਵੇਗਾ ਤਾਂ ਹੀ ਅਜੋਕੇ ਸਮੇਂ ਵਿਚ ਤਾਨਾਸ਼ਾਹੀ ਰੂਪ ਅਖਤਿਆਰ ਕਰ ਚੁੱਕੀਆਂ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਧੱਕੇ ਨੂੰ ਠੱਲ ਪਾਈ ਜਾ ਸਕਦੀ ਹੈ|
ਉਹਨਾਂ ਕਿਹਾ ਕਿ ਉਹਨਾਂ ਨੇ ਵੀ ਆਪਣਾ ਸੁਖ ਆਰਾਮ ਤਿਆਗ ਕੇ ਗਰੀਬ ਮਜ਼ਲੂਮ ਦੇ ਹੱਕਾਂ ਹਕੂਕਾਂ ਦੀ ਜੱਦੋਜਹਿਦ ਕਰਨਾ ਮੁਨਾਸਿਬ ਸਮਝਿਆ ਅਤੇ ਅੱਜ ਸਾਡਾ ਵੀ ਇਹ ਫਰਜ਼ ਬਣਦਾ ਕਿ ਅਗਰ ਅਸੀਂ ਉਹਨਾਂ ਦੇ ਸੱਚੇ ਪੈਰੋਕਾਰ ਹਾਂ ਤਾਂ ਉਹਨਾਂ ਵੱਲੋਂ ਅਪਣਾਏ ਰਸਤੇ ਤੇ ਚਲੀਏ ਅਤੇ ਸਿਰਫ ਓਹਨਾ ਦੇ ਪੁਰਬ ਮਨਾਉਣ ਤੱਕ ਸੀਮਤ ਨਾ ਹੋਈਏ |
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਸਟੇਟਾਂ ਦੇ ਅਧਿਕਾਰ ਆਪਣੇ ਹੱਥਾਂ ਵਿਚ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਮੋਰਚੇ ਵਿਚ ਕੀਤੇ ਵਾਅਦੇ ਅਨੁਸਾਰ ਕੇਂਦਰ ਸਰਕਾਰ ਮੋਰਚੇ ਦੀਆਂ ਵਿਚ ਮਨੀਆ ਗਈਆਂ ਮੰਗਾਂ ਤੋਂ ਭੱਜ ਰਹੀ ਹੈ, ਲਖੀਮਪੁਰ ਖੀਰੀ ਕਤਲਕਾਂਡ ਦੇ ਸਾਜ਼ਿਸ਼ ਕਰਤਾ ਤੌਰ ਤੇ ਧਾਰਾ 120ਬੀ ਦੇ ਦੋਸ਼ੀ ਅਜੈ ਮਿਸ਼ਰਾ ਟੈਂਨੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਕੇ ਜੇਲ੍ਹ ’ਚ ਸੁੱਟਿਆ ਜਾਣਾ ਚਾਹੀਦਾ ਹੈ,ਪੀੜਤ ਧਿਰ ਦੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕੀਤੇ ਜਾਣ, ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦਾ ਭਾਅ C 2+50% ਦੇ ਹਿਸਾਬ ਨਾਲ ਦਿੱਤਾ ਜਾਵੇ, ੨੩ ਫ਼ਸਲਾਂ ਤੇ ਐਮ ਐਸ ਪੀ ਦਾ ਗਰੰਟੀ ਕਨੂੰਨ ਬਣਾਇਆ ਜਾਵੇ,ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਖਤਮ ਕੀਤੇ ਜਾਣ, ਬਿਜਲੀ ਵੰਡ ਲਾਇਸੈਂਸ ਨਿਜ਼ਮ 2022 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ।
ਐੱਸ ਵਾਈ ਐਲ ਦੇ ਮਸਲੇ ਦਾ ਹੱਲ ਰਾਏਪੇਰੀਆਨ ਕਨੂੰਨ ਦੇ ਹਿਸਾਬ ਨਾਲ ਕੀਤਾ ਜਾਵੇ, ਬਾਡਰ ’ਤੇ ਲੱਗੀ ਕੰਡਿਆਲੀ ਤਾਰ ਜ਼ੀਰੋ ਲਾਈਨ ’ਤੇ ਕੀਤੀ ਜਾਵੇ ਅਤੇ ਤਾਰ ਪਾਰਲੇ ਖੇਤਾਂ ਵਿਚ ਕੰਮ ਕਰਨ ਦਾ ਸਮਾਂ ਵਧਾਇਆ ਜਾਵੇ, ਅੰਦੋਲਨਾਂ ਵਿਚ ਸੈਂਟਰ ਤੇ ਪੰਜਾਬ ਸਰਕਾਰ ਵੱਲੋਂ ਪਾਏ ਪਰਚੇ ਰੱਦ ਕੀਤੇ ਜਾਣ, ਦਿੱਲੀ ਤੇ ਹਰਿਆਣਾ ਵਿਚ ਦਿੱਲੀ ਮੋਰਚੇ ਦੌਰਾਨ ਫੜੇ ਗਏ ਟਰੈਕਟਰ ਆਦਿ ਸਾਧਨ ਛੱਡੇ ਜਾਣ, ਤੋਂ ਇਲਾਵਾ ਹੋਰ ਮੁੱਖ ਮੰਗਾ ਹਨ।
ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਸੜਕੀ ਆਵਾਜਾਈ ਆਮ ਲੋਕਾਂ ਲਈ 15 ਦਸੰਬਰ ਤੋਂ ਟੋਲ ਮੁਕਤ ਚੱਲ ਰਹੀ ਹੈ ਜਿਸਦੇ ਅੱਜ 15 ਦਿਨ ਪੂਰੇ ਹੋ ਚੁੱਕੇ ਹਨ | ਉਹਨਾਂ ਕਿਹਾ ਕਿ ਜ਼ੀਰਾ ਮੋਰਚਾ ਪੂਰੀ ਚੜ੍ਹਦੀ ਕਲਾ ਵਿਚ ਚੱਲ ਰਿਹਾ ਹੈ | ਉਹਨਾਂ ਵੱਧ ਤੋਂ ਵੱਧ ਲੋਕਾਂ ਨੂੰ ਸੰਘਰਸ਼ ਨਾਲ ਜੁੜਨ ਦੀ ਅਪੀਲ ਕੀਤੀ |
ਇਸ ਸਮੇਂ ਡੀਸੀ ਦਫਤਰ ਮੋਰਚੇ ਅਤੇ ਜਿਲ੍ਹੇ ਵਿਚ ਤਿੰਨ ਜਗ੍ਹਾ ਚੱਲ ਰਹੇ ਮੋਰਚਿਆਂ ਨੂੰ ਜ਼ਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ, ਅਮਰਦੀਪ ਸਿੰਘ ਗੋਪੀ, ਬਾਜ਼ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲ਼ਾ, ਕੁਲਜੀਤ ਸਿੰਘ ਕਾਲੇ ਘਣੁਪੁਰ, ਗੁਰਭੇਜ ਸਿੰਘ ਝੰਡੇ, ਮੇਜਰ ਸਿੰਘ ਅਬਦਾਲ, ਟੇਕ ਸਿੰਘ ਝੰਡੇ, ਸੁਖਦੇਵ ਸਿੰਘ ਚਾਟੀਵਿੰਡ, ਰਣਜੀਤ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਭੀਲੋਵਾਲ, ਅਮਰੀਕ ਸਿੰਘ, ਚਰਨ ਸਿੰਘ ਕਲੇਰ ਘੁੰਮਾਣ, ਸੁਖਦੇਵ ਸਿੰਘ ਧੀਰੇਕੋਟ, ਸਤਨਾਮ ਸਿੰਘ,ਨਿਰਮਲ ਸਿੰਘ ਚੂੰਗ, ਬਲਵਿੰਦਰ ਸਿੰਘ ਸੈਦੁਕੇ,ਸੂਬਾ ਸਿੰਘ ਵਜ਼ੀਰ ਭੁੱਲਰ, ਚਰਨਜੀਤ ਸਿੰਘ ਸਫੀਪੁਰ, ਰੇਸ਼ਮ ਸਿੰਘ, ਪ੍ਰਗਟ ਸਿੰਘ ਗੁੰਨੋਵਾਲ, ਕਾਬਲ ਸਿੰਘ ਮਾਹਾਵਾ ਨੇ ਇੱਕਠ ਨੂੰ ਸੰਬੋਧਨ ਕੀਤਾ | ਇਸ ਮੌਕੇ ਵੱਖ ਵੱਖ ਜ਼ੋਨਾ ਤੋਂ ਹਜ਼ਾਰਾ ਦੀ ਗਿਣਤੀ ਵਿਚ ਕਿਸਾਨਾਂ ਮਜਦੂਰਾਂ ਤੇ ਔਰਤਾਂ ਨੇ ਹਾਜ਼ਰੀ ਭਰੀ |