
ਚਡੂਨੀ ਵਲੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਪਹੁੰਚਣ ਦੀ ਅਪੀਲ
ਹਰਿਆਣਾ ਦੇ ਕਈ ਹਿੱਸਿਆਂ ਤੋਂ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ਵਲ ਵਧਣ ਦਾ ਫ਼ੈਸਲਾ
ਚੰਡੀਗੜ੍ਹ, 29 ਜਨਵਰੀ: ਹਰਿਆਣਾ ਦੇ ਕਈ ਹਿੱਸਿਆਂ ਤੋਂ ਆਏ ਬਹੁਤ ਸਾਰੇ ਕਿਸਾਨਾਂ ਨੇ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਚੱਲ ਰਹੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਦਿੱਲੀ ਦੀਆਂ ਸਰਹੱਦਾਂ ਵਲ ਵਧਣ ਦਾ ਫ਼ੈਸਲਾ ਕੀਤਾ ਹੈ | ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨੀ ਆਗੂਆਂ ਵਿਰੁਧ ਸਰਕਾਰ ਦੇ ਕਦਮ ਨਾਲ ਉਨ੍ਹਾਂ ਦਾ ਅੰਦੋਲਨ ਕਮਜ਼ੋਰ ਨਹੀਂ ਹੋਏਗਾ |
ਹਰਿਆਣਾ ਤੋਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਜੀਂਦ, ਰੋਹਤਕ, ਕੈਥਲ, ਹਿਸਾਰ, ਭਿਵਾਨੀ ਅਤੇ ਸੋਨੀਪਤ ਦੇ ਬਹੁਤ ਸਾਰੇ ਕਿਸਾਨ ਪ੍ਰਦਰਸ਼ਨ ਵਾਲੀ ਥਾਂ ਟਿਕਰੀ, ਸਿੰਘੂ ਅਤੇ ਗਾਜੀਪੁਰ ਜਾਣਗੇ | ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਵੀਰਵਾਰ ਦੀ ਸ਼ਾਮ ਨੂੰ ਦਿੱਲੀ ਨੇੜਲੇ ਗਾਜ਼ੀਪੁਰ ਦੇ ਉੱਤਰ ਪ੍ਰਦੇਸ਼ ਗੇਟ ਵਿਖੇ ਅੰਦੋਲਨ ਵਾਲੀ ਥਾਂ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵੁਕ ਹੋ ਗਏ ਸਨ | ਉਨ੍ਹਾਂ ਦੋਸ਼ ਲਾਇਆ ਸੀ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਾ ਕਰ ਕੇ ਸਰਕਾਰ ਕਿਸਾਨਾਂ ਨਾਲ Tਬੇਇਨਸਾਫ਼ੀU ਕਰ ਰਹੀ ਹੈ | ਇਕ ਅੰਦੋਲਨਕਾਰੀ ਕਿਸਾਨ ਨੇ ਸ਼ੁਕਰਵਾਰ ਨੂੰ ਰੋਹਤਕ ਦੇ ਇਕ ਟੋਲ ਪਲਾਜ਼ਾ ਨੇੜੇ ਕਿਹਾ ਕਿ ਅਸੀਂ ਇਕ ਕਿਸਾਨ ਆਗੂ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕਰ ਸਕਦੇ | ਅਸੀਂ ਸਾਰੇ ਇਕਜੁੱਟ ਹਾਂ ਅਤੇ ਸਾਡੀ ਲਹਿਰ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਨਹੀਂ ਰੱਦ ਕਰਦੀ | ਜੀਂਦ ਦੇ ਕੰਡੇਲਾ ਵਿਚ ਕਿਸਾਨਾਂ ਨੇ ਵੀਰਵਾਰ ਦੀ ਰਾਤ ਨੂੰ ਜੀਂਦ-ਚੰਡੀਗੜ੍ਹ ਸੜਕ ਨੂੰ ਕੁਝ ਘੰਟਿਆਂ ਲਈ ਜਾਮ ਕਰ ਦਿਤਾ ਸੀ | ਉਹ ਗਾਜ਼ੀਆਬਾਦ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਦੇ ਗੇਟ ਨੂੰ ਖ਼ਾਲੀ ਕਰਨ ਲਈ ਦਿਤੇ ਅਲਟੀਮੇਟਮ ਦਾ ਵਿਰੋਧ ਕਰ ਰਹੇ ਸਨ | ਜੀਂਦ ਦੇ ਖਾਪ ਆਗੂ ਆਜ਼ਾਦ ਸਿੰਘ ਪਲਵਾ ਨੇ ਜੀਂਦ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਕਮਜ਼ੋਰ ਹੋਇਆ ਹੈ ਜਦਕਿ ਅਜਿਹਾ ਨਹੀਂ ਹੈ |
ਕਰਨਾਲ ਦੇ ਸਥਾਨਕ ਕਿਸਾਨਾਂ ਨੇ ਵੀਰਵਾਰ ਨੂੰ ਬਸਤਰ ਟੋਲ ਪਲਾਜ਼ਾ 'ਤੇ ਅਪਣਾ ਧਰਨਾ ਮੁੜ ਸ਼ੁਰੂ ਕੀਤਾ ਸੀ |
ਹਾਲਾਂਕਿ, ਸ਼ੁਕਰਵਾਰ ਨੂੰ ਟੋਲ ਪਲਾਜ਼ਾ ਨੇੜੇ ਭਾਰੀ ਪੁਲਿਸ ਫ਼ੋਰਸ ਤਾਇਨਾਤ ਹੋਣ ਦੀਆਂ ਖ਼ਬਰਾਂ ਹਨ ਅਤੇ ਪ੍ਰਸ਼ਾਸਨ ਨੇ ਵਿਰੋਧ ਪ੍ਰਦਰਸ਼ਨ ਸਥਾਨ ਨੂੰ ਖਾਲੀ ਕਰਵਾ ਲਿਆ ਹੈ ਅਤੇ ਪਲਾਜ਼ਾ 'ਤੇ ਕੰਮ ਸ਼ੁਰੂ ਹੋ ਗਿimageਆ ਹੈ |
ਇਸ ਦੌਰਾਨ, ਹਰਿਆਣਾ ਬੀ.ਕੇ.ਯੂ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਇਕ ਵੀਡੀਉ ਸੰਦੇਸ਼ ਵਿਚ ਅਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ ਨੇੜੇ ਵਿਰੋਧ ਪ੍ਰਦਰਸ਼ਨ ਸਥਾਨਾਂ ਉੱਤੇ ਪਹੁੰਚਣ |
ਉਨ੍ਹਾਂ ਨੇ ਕਿਸਾਨਾਂ ਨੂੰ 30 ਜਨਵਰੀ ਨੂੰ ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਧਰਨਾ ਬੈਠਣ ਦੀ ਅਪੀਲ ਵੀ ਕੀਤੀ | (ਪੀਟੀਆਈ)