
ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਮੈਂਬਰਾਂ ਨੇ ਕੀਤਾ ਹੰਗਾਮਾ
ਲੋਕ ਸਭਾ ਸਪੀਕਰ ਓਮ ਬਿਰਲਾ ਦੀ ਕੁਰਸੀ ਨੇੜੇ ਜਾ ਕੇ ਕੀਤੀ ਨਾਹਰੇਬਾਜ਼ੀ
ਨਵੀਂ ਦਿੱਲੀ, 29 ਜਨਵਰੀ: ਲੋਕ ਸਭਾ ਵਿਚ ਸ਼ੁਕਰਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵਿਵਾਦਤ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਲੋਕ ਸਭਾ ਵਿਚ ਨਾਹਰੇਬਾਜ਼ੀ ਕੀਤੀ | ਬਜਟ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰਪਤੀ ਨੇ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਕੁਝ ਸਮੇਂ ਬਾਅਦ ਹੀ ਲੋਕ ਸਭਾ ਦੀ ਬੈਠਕ ਕੀਤੀ |
ਲੋਕ ਸਭਾ ਸਪੀਕਰ ਨੇ ਉਤਪਲ ਕੁਮਾਰ ਸਿੰਘ ਨੂੰ ਨਵਾਂ ਜਨਰਲ ਸਕੱਤਰ ਨਿਯੁਕਤ ਕਰਨ ਬਾਰੇ ਸਦਨ ਨੂੰ ਵੀ ਜਾਣਕਾਰੀ ਦਿਤੀ | ਇਸ ਤੋਂ ਬਾਅਦ ਜਿਵੇਂ ਹੀ ਸਪੀਕਰ ਨੇ ਜ਼ਰੂਰੀ ਕਾਗਜ਼ਾਤ ਕੁਰਸੀ 'ਤੇ ਰੱਖਣ ਦੇ ਨਿਰਦੇਸ਼ ਦਿਤੇ ਤਾਂ ਕਾਂਗਰਸ ਮੈਂਬਰਾਂ ਨੇ ਸੀਟ ਨੇੜੇ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ | ਇਸ ਸਮੇਂ ਦੌਰਾਨ, ਕਾਂਗਰਸ ਨੇਤਾ ਰਾਹੁਲ ਗਾਂਧੀ ਸਦਨ ਵਿਚ ਮੌਜੂਦ ਸਨ | ਕਾਂਗਰਸ ਮੈਂਬਰ 'ਕਾਲਾ ਕਾਨੂੰਨ ਵਾਪਸ ਲੈ ਲਉ, ਅੰਨਦਾਤਾ ਉੱਤੇ ਜ਼ੁਲਮ ਨੂੰ ਰੋਕੋ' ਵਰਗੇ ਨਾਹਰੇ ਲਗਾ ਰਹੇ ਸਨ | ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਕੇਂਦਰੀ ਮੰਤਰੀ ਮੌਜੂਦ ਸਨ | ਜ਼ਿਕਰਯੋਗ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿਚ ਕਾਂਗਰਸ ਅਤੇ ਕਈ ਵਿਰੋਧੀ ਪਾਰਟੀਆਂ ਵਲੋਂ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕੀਤਾ ਗਿਆ ਸੀ | (ਪੀਟੀਆਈ)image