
ਕਲ ਜਾਗੀਪੁਰ ਜਾਣਗੇ ਕਿਸਾਨ, ਅੰਦੋਲਨ ਰਹੇਗਾ ਜਾਰੀ : ਨਰੇਸ਼ ਟਿਕੈਤ
ਕਿਹਾ, ਜੇ ਸਰਕਾਰ ਇਹ ਚਾਹੁੰਦੀ, ਤਾਂ ਫ਼ੈਸਲਾ ਬਹੁਤ ਛੇਤੀ ਹੋ ਜਾਂਦਾ
ਨਵੀਂ ਦਿੱਲੀ, 29 ਜਨਵਰੀ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਅੱਜ ਕਿਹਾ ਹੈ ਕਿ ਸਰਕਾਰ ਜ਼ਿੱਦੀ ਹੈ, ਜੇਕਰ ਸਰਕਾਰ ਚਾਹੁੰਦੀ ਤਾਂ ਫ਼ੈਸਲਾ ਬਹੁਤ ਛੇਤੀ ਹੋ ਜਾਂਦਾ। ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਅੰਦੋਲਨ ਗਾਜੀਪੁਰ ਸਰਹੱਦ ’ਤੇ ਚੱਲੇਗਾ। ਨਰੇਸ਼ ਟਿਕੈਤ ਨੇ ਇਹ ਗੱਲ ਮੁਜ਼ੱਫਰਨਗਰ ਵਿਚ ਮਹਾਪੰਚਾਇਤ ਵਿਚ ਕਹੀ ਹੈ।
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਜੀ.ਆਈ.ਸੀ. ਮੈਦਾਨ ਵਿਖੇ ਹੋਈ ਮਹਾਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਸ਼ਨਿਚਰਵਾਰ ਨੂੰ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਗਾਜੀਪੁਰ ਸਰਹੱਦ ‘ਤੇ ਦਿਤਾ ਜਾ ਰਿਹਾ ਧਰਨਾ ਜਾਰੀ ਰਹੇਗਾ। ਕਿਸਾਨ ਸ਼ਨਿਚਰਵਾਰ ਤੋਂ ਧਰਨੇ ਵਿਚ ਸ਼ਾਮਲ ਹੋ ਕੇ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣਗੇ।
ਨਰੇਸ਼ ਟਿਕੈਤ ਨੇ ਕਿਹਾ ਕਿ ਅਸੀਂ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਦੇ ਧਨਵਾਦੀ ਹਾਂ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਜ਼ਿੰਦਗੀ ਦਿਤੀ। ਚੌਧਰੀ ਟਿਕੈਤ ਨੇ ਮੰਚ ਨੂੰ ਦਸਿਆ ਕਿ ਆਰਐਲਡੀ ਦੇ ਪ੍ਰਧਾਨ ਚੌਧਰੀ ਅਜੀਤ ਸਿੰਘ ਨੂੰ ਮਿਲਣਾ ਸਾਡੀ ਸਭ ਤੋਂ ਵੱਡੀ ਗ਼ਲਤੀ ਸੀ, ਅਸੀਂ ਇਸ ਗ਼ਲਤੀ ਨੂੰ ਮੰਨਦੇ ਹਾਂ। ਉਨ੍ਹਾਂ ਨੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ।
ਮਹਾਪੰਚਾਇਤ ਵਿਖੇ ਪਹੁੰਚੇ ਆਰਐਲਡੀ ਦੇ ਉਪ ਪ੍ਰਧਾਨ ਜੈਅੰਤ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਦੇ ਆਦੇਸ਼ਾਂ ‘ਤੇ ਬੁਧਵਾਰ ਦੀ ਰਾਤ ਬਾਗਪਤ ਪੁਲਿਸ ਨੇ ਬਜ਼ੁਰਗ ਕਿਸਾਨਾਂ ‘ਤੇ ਲਾਠੀਚਾਰਜ ਕੀਤਾ। ਜੈਅੰਤ ਨੇ ਕਿਸਾਨਾਂ ਨੂੰ ਕਿਹਾ ਕਿ ਗਾਜੀਪੁਰ ਦੀ ਸਰਹੱਦ ਤਕ ਪਹੁੰਚਣਾ ਸਹੀ ਹੈ ਪਰ, ਜਿਥੇ ਵੀ ਤੁਹਾਡੇ ਆਸ ਪਾਸ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਥੇ ਸ਼ਾਮਲ ਹੋ ਕੇ ਅੰਦੋਲਨ ਨੂੰ ਮਜ਼ਬੂਤ ਕਰੋ।
ਭਾਰਤੀ ਕਿਸਾਨ ਯੂਨੀਅਨ ਦੀ ਮਹਾਪੰਚਾਇਤ ਪਹੁੰਚੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਲਾਲ ਕਿਲ੍ਹੇ ਅਤੇ ਤਿਰੰਗੇ ਦਾ ਅਪਮਾਨ ਨਹੀਂ ਕਰ ਸਕਦਾ। (ਏਜੰਸੀ)
------------------
----------------