
ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਨਵਦੀਪ ਨੇ ਨੌਜਵਾਨਾਂ 'ਚ ਭਰਿਆ ਜੋਸ਼
ਨਵੀਂ ਦਿੱਲੀ, 29 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਕਾਨੂੰਨਾਂ ਵਿਰੁਧ ਦਿੱਲੀ ਕੂਚ ਕਰਨ ਸਮੇਂ ਕਿਸਾਨਾਂ 'ਤੇ ਪਾਣੀ ਦੀਆਂ ਬੌਛਾੜਾਂ ਮਾਰਨ ਵਾਲੇ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਨਵਦੀਪ ਸਿੰਘ ਨੇ ਸੋਸ਼ਲ ਮੀਡੀਆ ਜ਼ਰੀਏ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ | ਇਕ ਵੀਡੀਉ ਸੰਦੇਸ਼ ਜ਼ਰੀਏ ਨਵਦੀਪ ਨੇ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਅਪਣੇ ਟਰੈਕਟਰ ਲੈ ਕੇ ਦੁਬਾਰਾ ਬਾਰਡਰ 'ਤੇ ਪਹੁੰਚਣ | ਉਨ੍ਹਾਂ ਕਿਹਾ ਜੇ ਹੁਣ ਅਸੀ ਪਿਛੇ ਹਟ ਗਏ ਤਾਂ ਸਾਰੀ ਉਮਰ ਖੜ੍ਹੇ ਨਹੀਂ ਹੋ ਸਕਾਂਗੇ | ਨਵਦੀਪ ਨੇ ਕਿਹਾ ਕਿ ਪਹਿਲਾਂ ਤਾਂ ਇਹ ਇਕ ਮੇਲਾ ਸੀ, ਅਸਲ ਅੰਦੋਲਨ ਤਾਂ ਹੁਣ ਸ਼ੁਰੂ ਹੋਇਆ ਹੈ | ਹੁਣ ਪਤਾ ਲੱਗੇਗਾ ਕਿ ਅਸਲ ਵਿਚ ਕੌਣ ਕਿਸਾਨਾਂ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਸਰਕਾਰ ਨੂੰ ਅਪਣੀ ਤਾਕਤ ਦਿਖਾਉਣ ਲਈ ਹਰੇਕ ਪਿੰਡ ਵਿਚੋਂ ਟਰੈਕਟਰ ਜਾਂ ਹੋਰ ਵਾਹਨ ਦਿੱਲੀ ਭੇਜੇ ਜਾਣ ਤਾਂ ਜੋ ਪਹਿਲਾਂ ਵਰਗਾ ਮਾਹੌਲ ਕਾਇਮ ਕੀਤਾ ਜਾ ਸਕੇ |
ਨਵਦੀਪ ਨੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਕਿਹਾ ਕਿ ਇਹ ਇਕ ਹੋ ਕੇ ਚਲਣ ਦਾ ਵੇਲਾ ਹੈ | ਜੇਕਰ ਅਸੀ ਇਕੱਠੇ ਹੋ ਕੇ ਡਟਾਂਗੇ ਤਾਂ ਹਰ ਹਾਲ ਵਿਚ ਜਿੱਤ ਹਾਸਲ ਕਰਾਂਗੇ | ਇਸ ਦੇ ਨਾਲ ਹੀ ਨਵਦੀਪ ਨੇ ਕਿimageਹਾ ਕਿ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ, ਇਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ | ਦਿੱਲੀ ਦੇ ਬਾਰਡਰਾਂ 'ਤੇ ਮਾਹੌਲ ਬਿਲਕੁਲ ਠੀਕ ਹੈ | ਨਵਦੀਪ ਦੇ ਇਕ ਸਾਥੀ ਨੇ ਕਿਹਾ ਕਿ ਇਹ ਸਮਾਂ ਘਰਾਂ ਵਿਚ ਬੈਠਣ ਦਾ ਨਹੀਂ ਬਲਕਿ ਮੈਦਾਨ ਵਿਚ ਆਉਣ ਦਾ ਹੈ | ਉਨ੍ਹਾਂ ਨੇ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਸਾਰੇ ਬਿਨਾਂ ਦੇਰੀ ਕਿਤੇ ਦਿੱਲੀ ਬਾਰਡਰਾਂ 'ਤੇ ਪਹੁੰਚਣ |