
ਬਾਬਾ ਬਲਬੀਰ ਸਿੰਘ ਨੇ ਬਾਬਾ ਇਕਬਾਲ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਅੰਮ੍ਰਿਤਸਰ, 30 ਜਨਵਰੀ (ਸਸਸ): ਸ਼੍ਰੋਮਣੀ ਪੰਥ ਰਤਨ, ਸ਼੍ਰੋਮਣੀ ਸੇਵਾ ਰਤਨ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਪੰਜਵਾਂ ਤਖ਼ਤ ਨੇ ਕਿਹਾ ਹੈ ਕਿ ਪਦਮ ਸ਼੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਵਿਦਿਆ ਦੇ ਖੇਤਰ ਵਿਚ ਬੜੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਬੜੂ ਸਾਹਿਬ ਵਲੋਂ ਅਕਾਲ ਅਕੈਡਮੀਆਂ ਦੀ ਵੱਖ-ਵੱਖ ਪ੍ਰਾਤਾਂ ਵਿਚ ਸਥਾਪਨਾ ਕਰ ਕੇ ਅਗਿਆਨਤਾ ਵਾਲੇ ਹਨੇਰੇ ਨੂੰ ਦੂਰ ਕਰਨ ਲਈ ਪ੍ਰਸ਼ੰਸਾ ਜਨਕ ਕਾਰਜ ਕੀਤੇ ਹਨ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿੱਖ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਬਾਬਾ ਬਲਬੀਰ ਸਿੰਘ ਨੇ ਬਾਬਾ ਇਕਬਾਲ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਮਹਾਪੁਰਖਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਕਾਰ ਸੇਵਾਵਾਂ ਰਾਹੀਂ ਵੱਡੀਆਂ ਸੇਵਾਵਾਂ ਨਿਭਾਈਆਂ ਤੇ ਨਿਭਾ ਰਹੇ ਹਨ, ਪਰ ਵਿਦਿਆ ਦੇ ਖੇਤਰ ਵਿਚ ਬੜੂ ਸਾਹਿਬ ਦਾ ਨਾਮ ਵਿਸ਼ੇਸ਼ ਮਹੱਤਤਾ ਰਖਦਾ ਹੈ।