
ਖਾਲੜਾ ਮਿਸ਼ਨ ਤੇ ਸਹਿਯੋਗੀਆਂ ਨੇ ਪ੍ਰੋ. ਭੁੱਲਰ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੀਤਾ ਰੋਸ ਵਿਖਾਵਾ
ਅੰਮ੍ਰਿਤਸਰ, 30 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਬੰਦੀ ਸਿੱਖਾਂ ਦੀ ਰਿਹਾਈ ਅਤੇ ਯੂ.ਏ.ਪੀ.ਏ. ਕਾਨੂੰਨ ਵਾਪਸ ਲੈਣ ਲਈ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਵਲੋਂ ਤਰਨ ਤਾਰਨ ਵਿਖੇ ਰੋਸ ਵਿਖਾਵਾ ਕੀਤਾ ਗਿਆ।
ਇਸ ਮੌਕੇ ਜਥੇਬੰਦੀਆਂ ਨੇ ਕਿਹਾ ਹੈ ਕਿ ਭਾਜਪਾਈ ਤੇ ਕੇਜਰੀਵਾਲ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ, ਭਾਈ ਵਰਿਆਮ ਸਿੰਘ ਆਦਿ ਸਿੱਖਾਂ ਦੀ ਰਿਹਾਈ ਰੋਕ ਕੇ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਜੰਗਲ ਰਾਜ ਦੇ ਹਾਮੀ ਸੰਵਿਧਾਨ ਕਾਨੂੰਨ ਦੀ ਝੂਠੀ ਦੁਹਾਈ ਦੇ ਰਹੇ ਹਨ ਅਤੇ ਗ਼ੈਰ ਕਾਨੂੰਨੀ ਤੌਰ ਤੇ ਸਿੱਖਾਂ ਨੂੰ ਜੇਲਾਂ ਵਿਚ ਬੰਦ ਕਰ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ, ਨਾਗਪੁਰ ਮਾਡਲ ਦੇ ਹਾਮੀ ਭਾਜਪਾਈ, ਕਾਂਗਰਸੀ, ਆਰ.ਐਸ.ਐਸ., ਕੇਜਰੀਵਾਲ, ਕੈਪਟਨ, ਬਾਦਲ, ਢੀਂਡਸੇ ਸੱਭ ਬੰਦੀ ਸਿੱਖਾਂ ਦੀ ਰਿਹਾਈ ਦੇ ਉਲਟ ਹਨ ਅਤੇ ਵਿਖਾਵੇ ਦੇ ਤੌਰ ’ਤੇ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਬੋਲਦੇ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਕੱਟੜ ਮੰਨੂਵਾਦੀ ਹੈ ਅਤੇ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੋ ਮਾਨਸਕ ਪੀੜਾਂ ਦਾ ਸ਼ਿਕਾਰ ਹੈ, ਦੀ ਰਿਹਾਈ ਰੋਕ ਕੇ ਆਰ.ਐਸ.ਐਸ. ਨੂੰ ਖ਼ੁਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਨਾਗਪੁਰ ਤੋਂ ਝੂਠ ਦੀ ਪੀ.ਐਚ.ਡੀ. ਕੀਤੀ ਹੈ, ਹਰ ਮਸਲੇ ਤੇ ਝੂਠ ਬੋਲ ਰਿਹਾ ਹੈ। ਇਸ ਸਮੇਂ ਬਾਬਾ ਦਰਸ਼ਨ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ, ਦਲੇਰ ਸਿੰਘ, ਸਤਵਿੰਦਰ ਸਿੰਘ, ਹਰਮਨਦੀਪ ਸਿੰਘ, ਵਿਰਸਾ ਸਿੰਘ, ਕਾਬਲ ਸਿੰਘ ਆਦਿ ਹਾਜ਼ਰ ਸਨ।