
ਮਦਨ ਮੋਹਨ ਮਿੱਤਲ ਨੇ ਅਪਣੇ ਸਪੁੱਤਰ ਸਮੇਤ ਸ਼ੋ੍ਰਮਣੀ ਅਕਾਲੀ ਦਲ ਦਾ ਪੱਲਾ ਫੜਿਆ
ਸ੍ਰੀ ਆਨੰਦਪੁਰ ਸਾਹਿਬ, 29 ਜਨਵਰੀ (ਕੁਲਵਿੰਦਰਜੀਤ ਸਿੰਘ ਭਾਟੀਆ, ਸੁਖਵਿੰਦਰਪਾਲ ਸਿੰਘ ਸੁੱਖੂ): ਅੱਜ ਭਾਜਪਾ ਨੂੰ ਉਸ ਸਮੇਂ ਤਕੜਾ ਝਟਕਾ ਲਗਿਆ ਜਦੋਂ ਪੰਜਾਬ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਅਪਣੇ ਸਪੁੱਤਰ ਐਡਵੋਕੇਟ ਅਰਵਿੰਦ ਮਿੱਤਲ ਸਮੇਤ ਭਾਜਪਾ ਨੂੰ ਝਟਕਾ ਦਿੰਦੇ ਹੋਏ ਅਕਾਲੀ ਦਲ ਵਿਚ ਸ਼ਾਮਲ ਹੋ ਗਏ |
ਸਥਾਨਕ ਮਾਡਲ ਟਾਊਨ ਵਿਖੇ ਸਥਿਤ ਅਪਣੀ ਰਿਹਾਇਸ਼ ਵਿਖੇ ਭਰਵੀਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਦਨ ਮੋਹਨ ਮਿੱਤਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ 1962 ਤੋਂ ਭਾਜਪਾ ਨਾਲ ਜੁੜੇ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਅਹੁਦਿਆਂ ਤੇ ਰਹਿੰਦਿਆਂ ਪਾਰਟੀ ਦੀ ਸੇਵਾ ਕੀਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੈ ਕਿ ਉਹ ਅਪਣੀ ਮਾਂ ਪਾਰਟੀ ਤੋਂ ਵੱਖ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਹਲਕੇ ਦੇ ਲੋਕਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਇਥੋਂ ਕਈ ਵਾਰ ਚੋਣ ਵੀ ਲੜੀ ਤੇ ਇਥੋਂ ਜਿੱਤ ਕੇ ਉਹ ਦੋ ਵਾਰ ਕੈਬਨਿਟ ਮੰਤਰੀ ਦੇ ਅਹੁਦੇ ਤੇ ਵੀ ਰਹੇ | ਉਨ੍ਹਾਂ ਭਰੇ ਮਨ ਨਾਲ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵਲੋਂ ਉਮਰ ਦੇ ਤਕਾਜ਼ੇ ਨੂੰ ਦੇਖਦਿਆਂ ਉਨ੍ਹਾਂ ਦੀ ਟਿਕਟ ਕੱਟ ਕੇ ਪਰਮਿੰਦਰ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਸੀ ਪਰ ਇਸ ਵਾਰ ਉਨ੍ਹਾਂ ਨੂੰ ਆਸ ਸੀ ਕਿ ਪਾਰਟੀ ਉਨ੍ਹਾਂ ਦੇ ਪ੍ਰਵਾਰ ਨੂੰ ਇਸ ਵਾਰ ਟਿਕਟ ਜ਼ਰੂਰ ਦੇਵੇਗੀ ਪ੍ਰੰਤੂ ਪਾਰਟੀ ਵਲੋਂ ਉਨ੍ਹਾਂ ਅਤੇ ਹਲਕੇ ਦੇ ਵੋਟਰਾਂ ਦੀ ਅਣਦੇਖੀ ਕਰਦਿਆਂ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਅਰਵਿੰਦ ਮਿੱਤਲ ਦੀ ਥਾਂ ਦੁਬਾਰਾ ਫਿਰ ਪਿਛਲੀ ਵਾਰ ਬੁਰੀ ਤਰ੍ਹਾਂ ਚੋਣ ਹਾਰੇ ਪਰਮਿੰਦਰ ਸ਼ਰਮਾ ਨੂੰ ਹੀ ਅਪਣਾ ਉਮੀਦਵਾਰ ਬਣਾਇਆ ਗਿਆ |
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਹੋਰ ਕੋਈ ਵਿਕਲਪ ਨਹੀਂ ਬਚਿਆ ਇਸ ਲਈ ਉਹ ਭਾਜਪਾ ਛੱਡ ਕੇ ਸ਼੍ਰੋਮਣੀ
ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ | ਜਾਣਕਾਰੀ ਮੁਤਾਬਕ ਐਡਵੋਕੇਟ ਅਰਵਿੰਦ ਮਿੱਤਲ ਬਸਪਾ ਚੋਣ ਨਿਸ਼ਾਨ ਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ-ਬਸਪਾ ਗਠਜੋੜ ਵਲੋਂ ਚੋਣ ਲੜ ਸਕਦੇ ਹਨ | ਇਸ ਮੌਕੇ ਸੀਨੀਅਰ ਅਕਾਲੀ ਆਗੂ ਮਾਸਟਰ ਹਰਜੀਤ ਸਿੰਘ ਅਚਿੰਤ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਰਾਜੂ, ਸਰਕਲ ਪ੍ਰਧਾਨ ਜਥੇਦਾਰ ਰਾਮ ਸਿੰਘ ਸਮੇਤ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ |