
ਜੇਕਰ ਮੇਰੇ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਏ ਤਾਂ ਛੱਡ ਦੇਵਾਂਗਾ ਸਿਆਸਤ -ਨਵਜੋਤ ਸਿੰਘ ਸਿੱਧੂ
ਕਿਹਾ, ਅਜੇ ਸਿਰਫ਼ ਟਰੇਲਰ ਦਿਖਾਇਆ ਹੈ, ਫ਼ਿਲਮ ਤਾਂ ਅਜੇ ਬਾਕੀ ਹੈ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ। ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ''ਸਾਡੀ ਪ੍ਰਧਾਨਗੀ ਨੂੰ ਅਜੇ ਮਹਿਜ਼ 3-4 ਮਹੀਨੇ ਹੀ ਹੋਏ ਹਨ। ਅਜੇ ਤਾਂ ਸਿਰਫ਼ ਟਰੇਲਰ ਦਿਖਾਇਆ ਹੈ, ਫ਼ਿਲਮ ਤਾਂ ਅਜੇ ਬਾਕੀ ਹੈ। ਕਾਂਗਰਸ ਇੱਕ ਮਜ਼ਬੂਤ ਪਾਰਟੀ ਹੈ ਅਤੇ ਕੋਈ ਧੜੇਬੰਦੀ ਨਹੀਂ ਹੈ। ਕਾਂਗਰਸ ਜੇਕਰ ਖ਼ੁਦ ਨੂੰ ਹਰਾਵੇ ਤਾਂ ਹੀ ਹਾਰੇਗੀ ਉਂਝ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ।''
ਇਸ ਮੌਕੇ ਨਵਜੋਤ ਸਿੱਧੂ ਨੇ ਵਿਰੋਧੀਆਂ 'ਤੇ ਵੀਂ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ, ''ਇਸ ਵਾਰ ਲੜਾਈ ਮਾਫ਼ੀਆ ਨਾਲ ਹੈ। ਜਾਂ ਤਾਂ ਇਹ ਮਾਫ਼ੀਆ ਰਹੇਗਾ ਤੇ ਜਾਂ ਪੰਜਾਬ। ਇਹ (ਬਿਕਰਮ ਮਜੀਠੀਆ) ਮਾਫ਼ੀਆ ਦਾ ਸਰਗਨਾ ਹੈ। ਰੇਤ ਮਾਫ਼ੀਆ, ਭੂ ਮਾਫ਼ੀਆ, ਸ਼ਰਾਬ ਮਾਫ਼ੀਆ ਪਰ ਹੁਣ ਚਿੱਟਾ। ਮੈਂ ਕਦੇ ਸੋਚ ਵੀਂ ਨਹੀਂ ਸਕਦਾ ਕਿ ਕੋਈ ਸਿਆਸਤਦਾਨ ਇੰਨਾ ਡਿੱਗ ਜਾਵੇਗਾ ਕਿ ਚਿੱਟਾ ਵੇਚਣ ਲੱਗ ਜਾਵੇਗਾ।
ਚਿੱਟੇ ਨਾਲ ਇਨ੍ਹਾਂ ਨੇ ਇੱਕ ਪੂਰੀ ਪੀੜ੍ਹੀ ਤਬਾਹ ਕਰ ਦਿਤੀ ਜੋ ਸੋਚ ਤੋਂ ਪਰ੍ਹੇ ਹੈ। ਇਨ੍ਹਾਂ ਨੇ ਬਠਿੰਡੇ ਵਿਚ ਕਰੀਬ ਡੇਢ ਕਰੋੜ ਦੀ ਜ਼ਮੀਨ ਲੈ ਕੇ 5 ਕਰੋੜ ਦੀ ਵੇਚੀ। ਸਿਰ੍ਹੇ ਦੇ ਭੁੱਖੜ ਹਨ। ਭੁੱਖਾ ਬੰਦਾ ਤਾਂ ਰੱਜ ਜਾਂਦਾ ਹੈ ਪਰ ਭੁੱਖੜ ਕਦੇ ਨਹੀਂ ਰੱਜ ਸਕਦਾ।'' ਪ੍ਰੈਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਅਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੁਹਾਨੂੰ ਜ਼ੁਬਾਨ ਦਿੰਦਾ ਹੈ ਕਿ ਇਸ ਵਾਰ ਜੇਕਰ ਕਾਂਗਰਸ ਦੀ ਸਰਕਾਰ ਆਈ ਤਾਂ ਜਨਤਾ ਸਰਕਾਰ ਕੋਲ ਨਹੀਂ ਆਵੇਗੀ ਸਗੋਂ ਸਰਕਾਰ ਤੁਹਾਡੇ ਬੂਹੇ 'ਤੇ ਆਵੇਗੀ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਸ ਫ਼ੂਡ ਪਾਰਕ ਅਤੇ 23 ਕਲਸਟਰ ਬਣਾਵੇਗੀ ਜਿਸ ਵਿਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੋਵੇਗੀ। ਇਸ ਤੋਂ ਇਲਾਵਾ ਮੁਹਾਲੀ ਨੂੰ ਐਜੂਕੇਸ਼ਨ ਹੱਬ ਬਣਾਇਆ ਜਾਵੇਗਾ ਜਿਸ ਨਾਲ ਬੱਚਿਆਂ ਨੂੰ ਉਚੇਰੀ ਸਿਖਿਆ ਲਈ ਬਾਹਰ ਜਾਂ ਦੀ ਜ਼ਰੂਰਤ ਨਹੀਂ ਪਵੇਗੀ।
ਅੰਮ੍ਰਿਤਸਰ ਦੇ ਲੋਕਾਂ ਵਿਚ ਬਹੁਤ ਹੁਨਰ ਹੈ ਇਸ ਲਈ ਹੋਮ ਬੇਸਡ ਇੰਡਰਸਟਰੀ ਯਾਨੀ ਘਰ ਵਿਚ ਬੈਠ ਕੇ ਇੰਡਰਸਟਰੀ ਚਲਾ ਸਕਦੇ ਹਨ ਅਤੇ ਇਸ ਲਈ ਸਰਕਾਰ ਵਲੋਂ 2 ਲੱਖ ਤੋਂ 16 ਲੱਖ ਦਾ ਲੋਨ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਾਵੇਗੀ।