
ਪੈਗਾਸਸ ਮਾਮਲੇ ’ਚ ਦੇਸ਼ ਨੂੰ ਸੰਬੋਧਤ ਕਰਨ ਪ੍ਰਧਾਨ ਮੰਤਰੀ : ਗਹਿਲੋਤ
ਜੈਪੁਰ, 30 ਜਨਵਰੀ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ ਨੂੰ ਕਿਹਾ ਕਿ ਪੈਗਾਸਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰ ਨੂੰ ਸੰਬੋਧਤ ਕਰਨਾ ਚਾਹੀਦਾ ਅਤੇ ਦਸਣਾ ਚਾਹੀਦਾ ਹੈ ਕਿ ਜੋ ਵਹਿਮ ਪੈਦਾ ਹੋ ਰਿਹਾ ਹੈ, ਉਹ ਗ਼ਲਤ ਹੈ। ਗਹਿਲੋਤ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ, ‘‘ਕੇਂਦਰ ਸਰਕਾਰ ਨੂੰ ਪੈਗਾਸਸ ਮਾਮਲੇ ’ਚ ਖ਼ੁਦ ਅੱਗੇ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ...ਜੇਕਰ ਤੁਸੀਂ ਆਪ ਸਾਫ਼ ਹੋ... ਪ੍ਰਧਾਨ ਮੰਤਰੀ ਨੂੰ ਖ਼ੁਦ ਦੇਸ਼ ਨੂੰ ਸੰਬੋਧਤ ਕਰਨਾ ਚਾਹੀਦਾ ਅਤੇ ਦੱਸਣਾ ਚਾਹੀਦਾ ਕਿ ਜੋ ਵਹਿਮ ਪੈਦਾ ਹੋ ਰਿਹਾ ਹੈ, ਉਹ ਗ਼ਲਤ ਹੈ।’’ ਉਨ੍ਹਾਂ ਕਿਹਾ ਕਿ ਟੈਲੀਫ਼ੋਨ ਨੂੰ ਜੇਕਰ ਸਰਵਿਲਾਂਸ ’ਤੇ ਰੱਖ ਦਿਤਾ ਜਾਵੇ ਤਾਂ ਉਹ ਵੀ ਵਡਾ ਗੁਨਾਹ ਹੁੰਦਾ ਹੈ। ਗਹਿਲੋਤ ਨੇ ਕਿਹਾ, ਸਪੁਰੀਮ ਕੋਰਟ ਨੂੰ ਵੀ ਜਿਸ ਰੂਪ ’ਚ ਪਹਿਲ ਦੇ ਆਧਾਰ ’ਤੇ ਸੁਣਵਾਈ ਕਰਨੀ ਚਾਹੀਦੀ, ਉਹ ਨਹੀਂ ਕਰ ਸਕੀ ਕਿ ਕਿਸ ਨੂੰ ਦੋਸ਼ ਦਈਏ? ਸਰਕਾਰ ਜੋ ਹਲਫ਼ਨਾਮਾ ਦੇ ਰਹੀ ਹੈ, ਸੁਪਰੀਮ ਕੋਰਟ ’ਚ ਉਸ ਦੇ ਕਈ ਮਤਲਬ ਨਿਕਲਦੇ ਹਨ।’’ ਉਨ੍ਹਾਂ ਕਿਹਾ ਕਿ ਰਿਚਰਡ ਨਿਕਸਨ ਨੂੰ ਜਾਸੂਸੀ ਦੇ ਮਾਮਲੇ ’ਚ ਅਮਰੀਕੀ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। (ਏਜੰਸੀ)