
ਪ੍ਰੋ. ਭੁੱਲਰ ਦੀ ਰਿਹਾਈ ਦੇ ਮਾਮਲੇ ਬਾਰੇ ਕੇਜਰੀਵਾਲ ਹਾਲੇ ਵੀ ਝੂਠ ਬੋਲ ਰਿਹੈ : ਭਾਈ ਢਪਾਲੀ
ਕੋਟਕਪੂਰਾ, 30 ਜਨਵਰੀ (ਗੁਰਿੰਦਰ ਸਿੰਘ) : ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਲੋਂ ਪ੍ਰੋ. ਭੁੱਲਰ ਦੀ ਰਿਹਾਈ ਵਾਲੀ ਫ਼ਾਈਲ ਬਾਰੇ ਦਿਤੇ ਬਿਆਨ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ‘ਦਰਬਾਰ-ਏ-ਖ਼ਾਲਸਾ’ ਦੇ ਸੇਵਾਦਾਰ ਤੇ ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ ਨੇ ਕਿਹਾ ਕਿ ਕੇਜਰੀਵਾਲ ਹਾਲੇ ਵੀ ਝੂਠ ਬੋਲ ਕੇ ਸਿੱਖ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਜਰੀਵਾਲ ਵਲੋਂ ਦਿਤੇ ਬਿਆਨ ਦੀ ਚੀਰਫਾੜ ਕਰਦਿਆਂ ਭਾਈ ਢਪਾਲੀ ਨੇ ਕਿਹਾ ਕਿ ਪਹਿਲਾ ਝੂਠ ਤੇ ਕੇਜਰੀਵਾਲ ਦਾ ਇਹ ਹੈ ਕਿ ਉਹ ਆਖ ਰਿਹਾ ਹੈ ਕਿ ਮੈਨੂੰ ਤਾਂ ਭੁੱਲਰ ਵਾਲੇ ਕੇਸ ਦਾ ਹੁਣ ਪਤਾ ਲੱਗਾ, ਦੂਜਾ ਝੂਠ ਇਹ ਬੋਲਿਆ ਕਿ ਰਿਹਾਈ ਬਾਰੇ ਫ਼ੈਸਲਾ ਕਰਨ ਵਾਲੇ ਬੋਰਡ ’ਚ ਵੱਡੇ-ਵੱਡੇ ਜੱਜ ਸ਼ਾਮਲ ਹੁੰਦੇ ਹਨ ਜਿਸ ’ਚ ਮੇਰੀ ਕੋਈ ਬਹੁਤੀ ਚਲਦੀ ਨਹੀਂ। ਭਾਈ ਢਪਾਲੀ ਨੇ ਕਿਹਾ ਕਿ ਸੱਚ ਇਹ ਹੈ ਕਿ ਐੱਸਆਰਬੀ ਦਾ ਚੇਅਰਮੈਨ ਕੇਜਰੀਵਾਲ ਸਰਕਾਰ ਦਾ ਗ੍ਰਹਿ ਮੰਤਰੀ ਸਤਿੰਦਰ ਜੈਨ ਹੈ ਜਿਸ ਦੀ ਅਗਵਾਈ ’ਚ ਬੋਰਡ ਨੇ 11.12.2020 ਨੂੰ ਚੌਥੀ ਵਾਰ ਪ੍ਰੋ. ਭੁੱਲਰ ਦੀ ਫ਼ਾਈਲ ਰੱਦ ਕੀਤੀ ਹੈ।
ਭਾਈ ਢਪਾਲੀ ਨੇ ਕਿਹਾ ਕਿ ਸੂਬੇ ਅੰਦਰ ਮੁੱਖ ਮੰਤਰੀ ਤੋਂ ਪਿੱਛੋਂ ਗ੍ਰਹਿ ਮੰਤਰੀ ਦਾ ਖ਼ਾਸ ਰੋਲ ਹੁੰਦਾ ਹੈ, ਜਿਹੜੇ ਕਿ ਲਗਾਤਾਰ ਆਪਸ ’ਚ ਸੰਪਰਕ ਵਿਚ ਹੁੰਦੇ ਹਨ, ਕੀ ਕੇਜਰੀਵਾਲ ਦੇ ਗ੍ਰਹਿ ਮੰਤਰੀ ਨੇ ਕਦੇ ਪ੍ਰੋ. ਭੁੱਲਰ ਦੀ ਰਿਹਾਈ ਵਾਲੀ ਫ਼ਾਈਲ ਬਾਰੇ ਕੇਜਰੀਵਾਲ ਨਾਲ ਗੱਲ ਨਹੀਂ ਕੀਤੀ ਹੋਵੇਗੀ? ਕੀ ਕੇਜਰੀਵਾਲ ਦੇ ਹੁਕਮ ਬਿਨਾਂ ਹੀ ਗ੍ਰਹਿ ਮੰਤਰੀ ਦੀ ਅਗਵਾਈ ਵਾਲੇ ਬੋਰਡ ਨੇ ਫ਼ਾਈਲ ਰੱਦ ਕਰ ਦਿਤੀ? ਕੀ ਸਿਰਫ਼ ਹੁਣ ਸਿੱਖਾਂ ਵਲੋਂ ਅਵਾਜ਼ ਚੁਕਣ ਨਾਲ ਹੀ ਕੇਜਰੀਵਾਲ ਨੂੰ ਪ੍ਰੋ. ਭੁੱਲਰ ਦੀ ਰਿਹਾਈ ਵਾਲੀ ਫ਼ਾਈਲ ਬਾਰੇ ਪਤਾ ਲੱਗਾ? ਅਗਲੀ ਗੱਲ ਇਹ ਹੈ ਕਿ ਕੇਜਰੀਵਾਲ ਨੇ ਕਿਹਾ ਕਿ ਐਸਆਰਬੀ ਅੰਦਰ ਵੱਡੇ ਵੱਡੇ ਜੱਜ ਸ਼ਾਮਲ ਹੁੰਦੇ ਹਨ, ਇਹ ਵੀ ਝੂਠ ਹੈ। ਭਾਈ ਢਪਾਲੀ ਨੇ ਕਿਹਾ ਕਿ ਸਤਿੰਦਰ ਜੈਨ ਦੀ ਅਗਵਾਈ ਵਾਲੇ 7 ਮੈਂਬਰੀ ਬੋਰਡ ਅੰਦਰ ਇਕ ਨੁਮਾਇੰਦਾ ਸੈਸ਼ਨ ਜੱਜ ਦਾ, ਇਕ ਦਿੱਲੀ ਪੁਲਿਸ ਦਾ ਜਦਕਿ ਬਾਕੀ ਪੰਜ ਕੇਜਰੀਵਾਲ ਸਰਕਾਰ ਦੇ ਹਨ, ਇਸ ਬੋਰਡ ਅੰਦਰ ਇਕ ਵੀ ਜੱਜ ਨਹੀਂ ਬਲਕਿ ਇਹ ਬੋਰਡ ਸਿੱਧਾ ਹੀ ਕੇਜਰੀਵਾਲ ਅਧੀਨ ਹੈ।