
ਇਸ ਦੌਰਾਨ ਪੰਜਾਬ ਦਾ ਜ਼ਿਲ੍ਹਾ ਸੰਗਰੂਰ ਚਰਚਾ ਵਿਚ ਹੈ ਕਿਉਂਕਿ ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਚਲਦਿਆਂ ਸਿਆਸੀ ਅਖਾੜਾ ਭਖਿਆ ਹੋਇਆ ਹੈ। ਇਸ ਦੌਰਾਨ ਪੰਜਾਬ ਦਾ ਜ਼ਿਲ੍ਹਾ ਸੰਗਰੂਰ ਚਰਚਾ ਵਿਚ ਹੈ ਕਿਉਂਕਿ ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਸੰਗਰੂਰ ਜ਼ਿਲ੍ਹੇ ਵਿਚ ਕੁੱਲ ਪੰਜ ਵਿਧਾਨ ਸਭਾ ਹਲਕੇ ਹਨ: ਧੂਰੀ, ਦਿੜ੍ਹਬਾ, ਲਹਿਰਾਗਾਗਾ, ਸੰਗਰੂਰ ਅਤੇ ਸੁਨਾਮ। ਇਹਨਾਂ ਹਲਕਿਆਂ ਵਿਚ ਕਈ ਦਿੱਗਜ਼ ਉਮੀਦਵਾਰਾਂ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ।
1. ਵਿਧਾਨ ਸਭਾ ਹਲਕਾ ਲਹਿਰਾਗਾਗਾ
ਚੋਣਾਂ ਵਿਚ ਵਿਧਾਨ ਸਭਾ ਹਲਕੇ ਦੀ ਭੂਮਿਕਾ ਕਾਫ਼ੀ ਅਹਿਮ ਰਹਿਣ ਵਾਲੀ ਹੈ ਕਿਉਂਕਿ ਕਾਫ਼ੀ ਸਮਾਂ ਇਸ ਹਲਕੇ ਦੀ ਨੁਮਾਇੰਦਗੀ ਪੰਜਾਬ ਦੀ ਪਹਿਲੀ ਮਹਿਲਾ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਕਰਦੇ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਸੀਟ ਤੋਂ ਮੁੱਖ ਮੁਕਾਬਲਾ ਮੌਜੂਦਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਵਿਚਾਲੇ ਰਹਿਣ ਵਾਲਾ ਹੈ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਿੰਦਰ ਕੁਮਾਰ ਗੋਇਲ, ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਤਵੰਤ ਸਿੰਘ ਖੰਡੇਬਾਦ ਚੋਣ ਮੈਦਾਨ ਵਿਚ ਹਨ।
ਕੁੱਲ ਵੋਟਰ : 1,62,114
ਮਰਦ ਵੋਟਰ : 86,982
ਔਰਤ ਵੋਟਰ : 75,129
ਤੀਜਾ-ਲਿੰਗ : 3
ਮੁੱਖ ਸਮੱਸਿਆਵਾਂ
-ਘੱਗਰ ਦੇ ਹੜ੍ਹ ਦੀ ਸਮੱਸਿਆ
-ਸਿਹਤ ਅਤੇ ਸਿੱਖਿਆ ਸਹੂਲਤਾਂ
-ਸੀਵਰੇਜ ਸਿਸਟਮ
-ਪੀਣ ਵਾਲੇ ਪਾਣੀ ਦੀ ਸਪਲਾਈ
2. ਵਿਧਾਨ ਸਭਾ ਹਲਕਾ ਧੂਰੀ
ਇਸ ਵਾਰ ਸਾਰਿਆਂ ਦੀ ਨਜ਼ਰਾਂ ਵਿਧਾਨ ਸਭਾ ਹਲਕਾ ਧੂਰੀ ’ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਦੀ ਐਂਟਰੀ ਨਾਲ ਇਹ ਸੀਟ ਪੰਜਾਬ ਦੀ ਹਾਟ ਸੀਟ ਬਣ ਚੁਕੀ ਹੈ। ਭਗਵੰਤ ਮਾਨ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਹੈ। ਇਸ ਤੋਂ ਇਲਾਵਾ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਚੰਦ ਗਰਗ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਰਬਜੀਤ ਸਿੰਘ ਅਲਾਲ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਰਣਦੀਪ ਸਿੰਘ ਦਿਉਲ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਰਿੱਖੀ ਵੀ ਹਲਕਾ ਧੂਰੀ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ।
ਕੁੱਲ ਵੋਟਰ : 1,64,322
ਮਰਦ ਵੋਟਰ : 86,593
ਔਰਤ ਵੋਟਰ : 77,721
ਹਲਕਾ ਨਿਵਾਸੀਆਂ ਦੇ ਮੁੱਖ ਮੁੱਦੇ
-ਪਿਛਲੇ 20 ਸਾਲਾਂ ਤੋਂ ਰੇਲਵੇ ਅੰਡਰਬ੍ਰਿਜ ਦੀ ਮੰਗ ਕਰ ਰਹੇ ਲੋਕ
-ਕੋਈ ਬੱਸ ਅੱਡਾ ਨਹੀਂ
-ਸਿਹਤ ਅਤੇ ਸਿਖਿਆ ਸਹੂਲਤਾਂ ਦੀ ਘਾਟ
-ਸੀਵਰੇਜ ਦੀ ਸਮੱਸਿਆ
3. ਵਿਧਾਨ ਸਭਾ ਹਲਕਾ ਦਿੜ੍ਹਬਾ
ਹਲਕਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਮੌਜੂਦਾ ਵਿਧਾਇਕ ਹਨ। ਹਲਕਾ ਦਿੜ੍ਹਬਾ ’ਚ ਪਿਛਲੀ ਵਾਰ ਦੀ ਤਰ੍ਹਾਂ ਮੁਕਾਬਲਾ ਸਖ਼ਤ ਹੋਣ ਦੀ ਸੰਭਾਵਨਾ ਹੈ। ਇਹ ਸੀਟ ਰਾਖਵੀਂ ਹੈ ਅਤੇ ਇਸ ਸੀਟ ’ਤੇ ਮੌਜੂਦਾ ਵਿਧਾਇਕ ਹਰਪਾਲ ਸਿੰਘ ਚੀਮਾ, ਕਾਂਗਰਸੀ ਉਮੀਦਵਾਰ ਅਜੈਬ ਸਿੰਘ ਰਟੋਲ, ਅਕਾਲੀ ਦਲ ਬਸਪਾ ਦੇ ਗੁਲਜ਼ਾਰ ਸਿੰਘ ਮੂਣਕ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਮਾਲਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰ ਸੋਮਾ ਸਿੰਘ ਘਰਾਚੋਂ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਬਿੱਕਰ ਸਿੰਘ ਚੌਹਾਨ ਮੈਦਾਨ ਵਿਚ ਹੋਣਗ।
ਕੁੱਲ ਵੋਟਰ : 1,72,684
ਮਰਦ ਵੋਟਰ : 93,561
ਔਰਤ ਵੋਟਰ : 79,121
ਤੀਜਾ-ਲਿੰਗ : 2
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
-ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾਂ
-ਸੀਵਰੇਜ ਅਤੇ ਪਾਣੀ ਦੀ ਸਪਲਾਈ
-ਪਾਰਕਾਂ ਦੀ ਉਸਾਰੀ
-ਟ੍ਰੈਫ਼ਿਕ ਦੀ ਸਮੱਸਿਆ
4. ਵਿਧਾਨ ਸਭਾ ਹਲਕਾ ਸੰਗਰੂਰ
ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਹਲਕਾ ਸੰਗਰੂਰ ਤੋਂ ਫਿਰ ਤੋਂ ਵਿਜੇ ਇੰਦਰ ਸਿੰਗਲਾ ਨੂੰ ਮੌਕਾ ਦਿਤਾ ਹੈ ਜਦਕਿ ਆਮ ਆਦਮੀ ਪਾਰਟੀ ਨੇ ਨਰਿੰਦਰ ਕੌਰ ਭਰਾਜ ਨੂੰ ਇਸ ਸੀਟ ’ਤੇ ਚੋਣ ਮੈਦਾਨ ’ਚ ਉਤਾਰਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ, ਸੰਯੁਕਤ ਸਮਾਜ ਮੋਰਚਾ ਦੇ ਆਗੂ ਜਗਦੀਪ ਸਿੰਘ ਮਿੰਟੂ ਤੂਰ, ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਅਰਵਿੰਦ ਖੰਨਾ ਅਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਹਰਮਨਪ੍ਰੀਤ ਸਿੰਘ ਮੈਦਾਨ ਵਿਚ ਹਨ।
ਕੁੱਲ ਵੋਟਰ : 1,77,122
ਮਰਦ ਵੋਟਰ : 93,788
ਔਰਤ ਵੋਟਰ : 83,333
ਤੀਜਾ ਲਿੰਗ : 1
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
-ਦਰੱਖ਼ਤਾਂ ਦੀ ਕਟਾਈ ਨੂੰ ਖ਼ਤਮ ਕਰਨਾ
-ਪ੍ਰਾਜੈਕਟਾਂ ਲਈ ਗੁਣਵੱਤਾ ਵਾਲੀ ਸਮੱਗਰੀ
-ਸਹੀ ਜਲ ਨਿਕਾਸੀ ਪ੍ਰਬੰਧ
- ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂ ਬਣਾਉਣਾ
5. ਵਿਧਾਨ ਸਭਾ ਹਲਕਾ ਸੁਨਾਮ
ਸੁਨਾਮ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵਲੋਂ ਮੌਜੂਦਾ ਵਿਧਾਇਕ ਅਮਨ ਅਰੋੜਾ ਅਤੇ ਅਕਾਲੀ ਦਲ ਵਲੋਂ ਬਲਦੇਵ ਸਿੰਘ ਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ‘ਆਪ’ ਇਸ ਵਾਰ ਵੀ ਮਜ਼ਬੂਤ ਦਿਖਾਈ ਦੇ ਰਹੀ ਹੋ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਵਲੋਂ ਜਸਵਿੰਦਰ ਸਿੰਘ ਧੀਮਾਨ, ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਵਲੋਂ ਸਨਮੁੱਖ ਸਿੰਘ ਅਤੇ ਸੰਯੁਕਤ ਸਮਾਜ ਮੋਰਚਾ ਵਲੋਂ ਡਾ. ਅਮਰਜੀਤ ਸਿੰਘ ਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਕੁੱਲ ਵੋਟਰ : 1,83,712
ਮਰਦ ਵੋਟਰ : 97,714
ਔਰਤ ਵੋਟਰ : 85,994
ਤੀਜਾ ਲਿੰਗ : 4
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
- ਵਧੀਆ ਸਿਹਤ ਅਤੇ ਸਿਖਿਆ ਸਹੂਲਤਾਂ
-ਟ੍ਰੈਫ਼ਿਕ ਜਾਮ ਦੀ ਸਮੱਸਿਆ
-ਸਹੀ ਨਿਕਾਸੀ ਅਤੇ ਪਾਣੀ ਦੀ ਸਪਲਾਈ
-ਪਾਰਕਾਂ ਦੀ ਮੰਗ