
ਅਸੀਂ ਪੰਜਾਬ ਦੇ ਸ਼ਹਿਰਾਂ ਨੂੰ ਨੰਬਰ ਇਕ ਬਣਾਉਣਾ ਹੈ : ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸ਼ਹਿਰਾਂ ਲਈ ਪੇਸ਼ ਕੀਤੇ 10 ਏਜੰਡੇ
ਜਲੰਧਰ, 29 ਜਨਵਰੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸ਼ਹਿਰਾਂ ਦੀ ਹਾਲਤ ਨੂੰ ਸੁਧਾਰਨ ਅਤੇ ਸੁੰਦਰ ਬਣਾਉਣ ਸਮੇਤ ਸੂਬੇ ਦੇ ਵਪਾਰ-ਕਾਰੋਬਾਰ ਨੂੰ ਵਧਾਉਣ ਲਈ 10 ਏਜੰਡੇ ਪੇਸ਼ ਕੀਤੇ | ਸਨਿਚਰਵਾਰ ਨੂੰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨਾਲ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਕਰ ਕੇ ਇਹ ਐਲਾਨ ਕੀਤਾ | ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਦੋ ਤਰ੍ਹਾਂ ਦੀ ਰਾਜਨੀਤੀ ਚਲ ਰਹੀ ਹੈ | ਇਕ ਉਹ ਪਾਰਟੀ ਹੈ ਜੋ ਸਿਰਫ਼ ਗੰਦੀ ਰਾਜਨੀਤੀ ਕਰ ਰਹੀ ਹੈ, ਭਿ੍ਸ਼ਟਾਚਾਰ ਕਰ ਰਹੀ ਹੈ ਅਤੇ ਮਾਫ਼ੀਆ ਚਲਾ ਰਹੀ ਹੈ | ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਜੋ ਲੋਕਾਂ ਦੇ ਸਾਹਮਣੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਦਾ ਏਜੰਡਾ ਪੇਸ਼ ਕਰ ਰਹੀ ਹੈ ਅਤੇ ਦਿਨ-ਰਾਤ ਇਕ ਕਰ ਕੇ ਯੋਜਨਾਵਾਂ ਬਣਾ ਰਹੀ ਹੈ |
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪੰਜਾਬ ਦੇ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ 10 ਏਜੰਡੇ ਪੇਸ਼ ਕਰਦਿਆਂ ਕਿਹਾ ਕਿ ਅਸੀਂ ਭਿ੍ਸ਼ਟਾਚਾਰ ਅਤੇ ਗਾਲ੍ਹਾਂ ਕਢਣੀਆਂ ਨਹੀਂ ਜਾਣਦੇ | ਸਾਨੂੰ ਕੰਮ ਕਰਨਾ ਆਉਂਦਾ ਹੈ | ਅਸੀਂ ਦਿੱਲੀ ਵਿਚ ਲੋਕਾਂ ਲਈ ਕੰਮ ਕਰ ਕੇ ਵਿਖਾਇਆ ਹੈ |
ਦਿੱਲੀ ਦੇ ਲੋਕਾਂ ਨੂੰ ਅਸੀਂ ਚੰਗੀ ਸਿਖਿਆ, ਮੈਡੀਕਲ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਹਨ |
ਪੰਜਾਬ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ ਲਈ ਮੈਂ ਅਤੇ ਭਗਵੰਤ ਮਾਨ ਨੇ ਹਰ ਵਰਗ ਦੇ ਲੋਕਾਂ, ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਗਾਰੰਟੀਆਂ ਦਿਤੀਆਂ | ਪੰਜਾਬ ਦੇ ਲੋਕਾਂ ਨੇ ਸਾਡੀਆਂ ਸਾਰੀਆਂ ਗਾਰੰਟੀਆਂ ਦੀ ਖ਼ੂਬ ਤਾਰੀਫ਼ ਕੀਤੀ | ਪਰ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਲਈ ਵਾਅਦੇ ਕੀਤੇ, ਗਾਰੰਟੀ ਦਿਤੀ, ਪਰ ਸ਼ਹਿਰਾਂ ਲਈ ਕੋਈ ਗਾਰੰਟੀ ਨਹੀਂ ਦਿਤੀ | ਇਸੇ ਲਈ ਅੱਜ ਅਸੀਂ ਸ਼ਹਿਰਾਂ ਲਈ ਗਾਰੰਟੀਆਂ ਲੈ ਕੇ ਆਏ ਹਾਂ | ਅਸੀਂ ਪੰਜਾਬ ਦੇ ਸ਼ਹਿਰਾਂ ਨੂੰ ਦੇਸ਼ ਵਿਚ ਨੰਬਰ 1 ਬਣਾਵਾਂਗੇ ਅਤੇ ਵਿਦੇਸ਼ਾਂ ਦੇ ਸ਼ਹਿਰਾਂ, ਲੰਡਨ-ਨਿਊਯਾਰਕ ਵਾਂਗ ਪੰਜਾਬ ਦੇ ਸਹਿਰਾਂ ਵਿਚ ਵੀ ਸਾਫ਼-ਸਫ਼ਾਈ ਦੇ ਅਗੇਤੇ ਪ੍ਰਬੰਧ ਕਰ ਕੇ ਸਾਰੇ ਸ਼ਹਿਰਾਂ ਨੂੰ ਸੁੰਦਰ ਤੇ ਸਵੱਛ ਬਣਾਵਾਂਗੇ |
ਸ਼ਹਿਰਾਂ ਦੀ ਸਾਫ਼-ਸਫ਼ਾਈ ਅਤੇ ਸਵੱਛਤਾ ਨਾਲ ਸਬੰਧਤ ਪਹਿਲੇ ਏਜੰਡੇ ਵਿਚ ਕੇਜਰੀਵਾਲ ਨੇ ਕਿਹਾ ਕਿ ਵਿਕਸਤ ਦੇਸ਼ਾਂ ਦੇ ਸ਼ਹਿਰਾਂ ਵਾਂਗ ਪੰਜਾਬ ਦੇ ਸ਼ਹਿਰਾਂ ਵਿਚ ਵੀ ਸਾਫ਼-ਸਫ਼ਾਈ ਵਿਵਸਥਾ ਲਈ ਉੱਚ ਮਿਆਰੀ ਪ੍ਰਬੰਧ ਕੀਤੇ ਜਾਣਗੇ ਅਤੇ ਸਾਰੇ ਸ਼ਹਿਰਾਂ ਨੂੰ ਸਵੱਛ ਅਤੇ ਸੁੰਦਰ ਬਣਾਇਆ ਜਾਵੇਗਾ | ਦੂਜਾ ਏਜੰਡਾ ਪੇਸ਼ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਵਾਂਗ ਪੰਜਾਬ ਵਿਚ ਵੀ 'ਡੋਰ ਸਟੈਪ ਡਿਲੀਵਰੀ ਫ਼ਾਰ ਸਰਵਿਸਸ' ਲਾਗੂ ਕਰਾਂਗੇ | ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਵਿਚੋਲਿਆਂ-ਦਲਾਲਾਂ ਅਤੇ ਕਤਾਰਾਂ ਤੋਂ ਮੁਕਤੀ ਮਿਲੇਗੀ | ਸਾਰੇ ਸਰਕਾਰੀ ਕੰਮ, ਚਾਹੇ ਬਿਜਲੀ ਦਾ ਕੁਨੈਕਸ਼ਨ ਹੋਵੇ ਜਾਂ ਰਾਸ਼ਨ ਕਾਰਡ ਬਣਵਾਉਣ ਦਾ, ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾ ਕੇ ਕਰਨਗੇ | 'ਆਪ' ਸਰਕਾਰ 'ਚ ਲੋਕ ਸਰਕਾਰ ਦੇ ਬੂਹੇ 'ਤੇ ਨਹੀਂ, ਸਰਕਾਰ ਲੋਕਾਂ ਦੇ ਬੂਹੇ 'ਤੇ ਜਾਵੇਗੀ |
ਤੀਜੇ ਏਜੰਡੇ ਵਿਚ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਅੰਡਰਗਰਾਊਾਡ ਕੇਬਲ ਵਿਛਾਉਣ ਦਾ ਜ਼ਿਕਰ ਹੈ | ਕੇਜਰੀਵਾਲ ਨੇ ਕਿਹਾ ਕਿ ਸੜਕ 'ਤੇ ਲਟਕਦੀਆਂ ਬਿਜਲੀ ਅਤੇ ਕੇਬਲ ਦੀਆਂ ਤਾਰਾਂ ਸ਼ਹਿਰ ਨੂੰ ਬਦਸੂਰਤ ਬਣਾਉਂਦੀਆਂ ਹਨ | ਦਿੱਲੀ ਵਿਚ, ਅਸੀਂ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਅੰਡਰਗਰਾਊਾਡ ਕੇਬਲਿੰਗ ਦਾ ਕੰਮ ਸ਼ੁਰੂ ਕੀਤਾ ਹੈ | ਪੰਜਾਬ ਦੇ ਸ਼ਹਿਰਾਂ ਵਿਚ ਅੰਡਰਗਰਾਊਾਡ ਕੇਬਲਿੰਗ ਕਰ ਕੇ ਸ਼ਹਿਰਾਂ ਨੂੰ ਵੀ ਸੁੰਦਰ ਬਣਾਵਾਂਗੇ |
ਚੌਥੇ ਏਜੰਡੇ ਵਿਚ ਮੁਹੱਲਾ ਕਲੀਨਿਕ ਹਨ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਦਿੱਲੀ ਵਿਚ ਮੁਹੱਲਾ ਕਲੀਨਿਕਾਂ ਰਾਹੀਂ ਦਿੱਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਿਤੀਆਂ ਹਨ | ਪੰਜਾਬ ਵਿਚ ਵੀ ਇਸੇ ਤਰਜ਼ 'ਤੇ ਸ਼ਹਿਰਾਂ ਅਤੇ ਪਿੰਡਾਂ ਲਈ 16000 ਪਿੰਡ ਕਲੀਨਿਕ ਅਤੇ ਮੁਹੱਲਾ ਕਲੀਨਿਕ ਬਣਾਏ ਜਾਣਗੇ ਅਤੇ ਖ਼ਸਤਾ ਹਾਲ ਸਰਕਾਰੀ ਹਸਪਤਾਲਾਂ ਨੂੰ ਠੀਕ ਕਰਾਂਗੇ | 'ਆਪ' ਦੀ ਸਰਕਾਰ ਆਉਣ 'ਤੇ ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਜਾਣਾ ਪਵੇਗਾ | ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਉੱਚ ਸਿਹਤ ਸਹੂਲਤਾਂ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਵਿਚ ਉਪਲਬਧ ਕਰਵਾਈਆਂ ਜਾਣਗੀਆਂ |
ਪੰਜਵੇਂ ਏਜੰਡੇ ਵਿਚ ਕੇਜਰੀਵਾਲ ਨੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਵਾਅਦਾ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਸੀਂ ਸਰਕਾਰੀ ਸਕੂਲਾਂ ਨੂੰ ਵਰਲਡ-ਕਲਾਸ ਬਣਾਇਆ ਹੈ | ਜਿਥੇ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਸਰਕਾਰੀ ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ, ਉੱਥੇ ਦਿੱਲੀ ਵਿਚ ਹੀ ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਨਤੀਜੇ 99.6 ਫ਼ੀ ਸਦੀ ਰਹੇ ਅਤੇ 2.5 ਲੱਖ ਤੋਂ ਵੱਧ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਇਆ ਹੈ | ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਈਆਈਟੀ ਅਤੇ ਨੀਟ ਦੀਆਂ ਪ੍ਰੀਖਿਆਵਾਂ ਵਿਚ ਚੰਗੇ ਨੰਬਰ ਲਿਆ ਰਹੇ ਹਨ | ਪਿਛਲੇ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਆਈਆਈਟੀ ਵਿਚ ਦਾਖ਼ਲਾ ਲਿਆ | ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਬੱਚਿਆਂ ਨੂੰ ਚੰਗੀ ਸਿਖਿਆ ਦੇਣਾ ਹੀ ਅਸਲੀ ਰਾਸ਼ਟਰ ਨਿਰਮਾਣ ਹੈ |
ਛੇਵੇਂ ਅਤੇ ਸੱਤਵੇਂ ਏਜੰਡੇ ਵਿਚ ਬਿਜਲੀ ਅਤੇ ਪਾਣੀ ਹਨ | ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਅਤੇ 24 ਘੰਟੇ ਪੀਣ ਵਾਲਾ ਪਾਣੀ ਮੁਹਈਆ ਕਰਵਾਏਗੀ |
ਅੱਠਵੇਂ ਏਜੰਡੇ ਵਿਚ ਬਜ਼ਾਰਾਂ ਦੀਆਂ ਸੜਕਾਂ, ਪਾਰਕਿੰਗ ਵਿਵਸਥਾ ਅਤੇ ਪਖ਼ਾਨੇ ਹਨ | ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿਚ ਬਜ਼ਾਰਾਂ ਦੀਆਂ ਸੜਕਾਂ ਬੇਹੱਦ ਖ਼ਰਾਬ ਹਨ | ਸ਼ਹਿਰਾਂ ਵਿਚ ਪਾਰਕਿੰਗ ਦੀ ਵਿਵਸਥਾ ਨਹੀਂ ਹੈ ਅਤੇ ਲੋੜੀਂਦੀ ਗਿਣਤੀ ਵਿਚ ਪਖ਼ਾਨੇ ਨਹੀਂ ਹਨ | 'ਆਪ' ਸਰਕਾਰ ਬਾਜ਼ਾਰਾਂ ਦੀਆਂ ਟੁੱਟੀਆਂ ਸੜਕਾਂ ਦਾ ਸੁੰਦਰ ਬਣਾਏਗੀ ਅਤੇ ਬਾਜ਼ਾਰਾਂ 'ਚ ਵੱਖ-ਵੱਖ ਥਾਵਾਂ 'ਤੇ ਪਾਰਕਿੰਗ ਅਤੇ ਪਖ਼ਾਨੇ ਬਣਾਏਗੀ |
ਨੌਵਾਂ ਏਜੰਡਾ ਔਰਤਾਂ ਦੀ ਸੁਰੱਖਿਆ ਦਾ ਹੈ | ਕੇਜਰੀਵਾਲ ਨੇ ਕਿਹਾ ਕਿ ਲੋਕਾਂ ਅਤੇ ਖਾਸ ਤੌਰ 'ਤੇ ਔਰਤਾਂ ਦੀ ਸੁਰੱਖਿਆ ਸਾਡੇ ਲਈ ਸੱਭ ਤੋਂ ਮਹੱਤਵਪੂਰਨ ਕੰਮ 'ਚੋਂ ਇਕ ਹੈ | ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਅਸੀਂ ਦਿੱਲੀ ਵਿਚ ਵੱਡੀ ਗਿਣਤੀ ਵਿਚ ਸੀਸੀਟੀਵੀ ਕੈਮਰੇ ਲਗਵਾਏ ਹਨ | ਅੱਜ ਦਿੱਲੀ ਵਿਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਨਿਊਯਾਰਕ ਅਤੇ ਲੰਡਨ ਨਾਲੋਂ ਵੀ ਵੱਧ ਹੈ | ਪੰਜਾਬ ਵਿਚ ਵੀ ਸਰਕਾਰ ਬਣੀ ਤਾਂ ਹਰ ਸ਼ਹਿਰ ਵਿਚ ਥਾਂ-ਥਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ |
ਦਸਵਾਂ ਏਜੰਡਾ ਪੇਸ਼ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਸ ਸਾਰੇ ਕੰਮ ਲਈ ਕਈ ਲੋਕਾਂ ਨੂੰ ਟੈਕਸ ਵਧਾਉਣ ਦਾ ਸ਼ੰਕਾ ਪੈਦਾ ਹੋ ਜਾਂਦਾ ਹੈ ਅਤੇ ਕਈ ਲੋਕ ਪੁਛਦੇ ਹਨ ਕਿ ਪੈਸਾ ਕਿਥੋਂ ਆਵੇਗਾ | ਇਸ ਲਈ ਕੇਜਰੀਵਾਲ ਨੇ ਗਾਰੰਟੀ ਦਿਤੀ ਕਿ 'ਆਪ' ਸਰਕਾਰ ਕੋਈ ਨਵਾਂ ਟੈਕਸ ਨਹੀਂ ਲਗਾਏਗੀ ਅਤੇ ਮੌਜੂਦਾ ਟੈਕਸ ਨੂੰ ਵੀ ਨਹੀਂ ਵਧਾਏਗੀ | ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ ਹੈ, ਘਾਟ ਸਿਰਫ਼ ਸਾਫ਼ ਨੀਅਤ ਦੀ ਹੈ | ਜੇਕਰ ਨੀਅਤ ਸਾਫ਼ ਹੋਵੇ ਤਾਂ ਹਰ ਕੰਮ ਸੰਭਵ ਹੈ | ਅਸੀਂ ਮਾਫ਼ੀਆ ਅਤੇ ਭਿ੍ਸਟਾਚਾਰ ਨੂੰ ਨੱਥ ਪਾ ਕੇ ਪੈਸਾ ਬਚਾਵਾਂਗੇ ਅਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹਈਆ ਕਰਾਵਾਂਗੇ |
ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਬਾਦਲ ਪ੍ਰਵਾਰ ਨੂੰ 19 ਸਾਲ ਅਤੇ ਕਾਂਗਰਸ ਨੂੰ 26 ਸਾਲ ਦਿਤੇ ਹਨ | ਰਵਾਇਤੀ ਪਾਰਟੀਆਂ ਦਾ ਸੱਤਾ ਦਾ ਵਪਾਰ ਹੈ | ਭਿ੍ਸ਼ਟਾਚਾਰ ਅਤੇ ਮਾਫ਼ੀਆ ਉਨ੍ਹਾਂ ਦੀ ਰਾਜਨੀਤੀ ਦਾ ਹਿੱਸਾ ਹਨ | ਇਸ ਲਈ ਉਸ ਨੂੰ ਵੋਟ ਪਾਉਣ ਨਾਲ ਕਦੇ ਵੀ ਬਦਲਾਅ ਨਹੀਂ ਆਵੇਗਾ | ਉਨ੍ਹਾਂ ਲੋਕਾਂ ਨੇ ਇਨ੍ਹਾਂ ਸਾਲਾਂ ਵਿਚ ਜੋ ਕਰਨਾ ਸੀ, ਕਰ ਲਿਆ | ਅਸੀਂ ਰਾਜਨੀਤੀ ਵਿਚ ਨਵੇਂ ਹਾਂ | ਸਾਡੇ ਕੋਲ ਨਵੇਂ ਲੋਕ, ਨਵੀਂ ਸ਼ਕਤੀ ਅਤੇ ਨਵੀਆਂ ਯੋਜਨਾਵਾਂ ਹਨ | ਸਾਨੂੰ ਸਿਰਫ ਪੰਜ ਸਾਲ ਦਿਉ | ਜੇਕਰ ਅਸੀਂ ਚੰਗਾ ਕੰਮ ਨਹੀਂ ਕੀਤਾ ਤਾਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਆਵਾਂਗਾ |
ਪ੍ਰੋ. ਭੁੱਲਰ ਮਾਮਲੇ 'ਤੇ ਸਿਆਸਤ ਕਰ ਰਹੇ ਅਕਾਲੀ : ਕੇਜਰੀਵਾਲ
ਜਲੰਧਰ : ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਵੇਦਨਸ਼ੀਲ ਮਾਮਲੇ ਉਤੇ ਅਕਾਲੀ ਸਿਆਸਤ ਕਰ ਰਹੇ ਹਨ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਇਕ ਹੋਟਲ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਸਰਕਾਰ ਵਲੋਂ ਰਿਹਾਈ ਨਾ ਕਰਨ ਦੇ ਲੱਗ ਰਹੇ ਦੋਸ਼ਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੀਤਾ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ, ਜਿਸ ਨੂੰ ਅਕਾਲੀ ਆਗੂਆਂ ਵਲੋਂ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਉਛਾਲਿਆ ਜਾ ਰਿਹਾ ਹੈ | ਕੇਜਰੀਵਾਲ ਨੇ ਅਪਣੀ ਪਾਰਟੀ ਵਲੋਂ ਪੰਜਾਬ ਵਿਚ ਲਾਗੂ ਕੀਤੇ ਜਾਣ ਵਾਲੇ ਦਿੱਲੀ ਮਾਡਲ ਦੇ 10 ਨੁਕਤੇ ਗਿਣਾਏ | ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵੀ ਮੌਜੂਦ ਸਨ |