ਜਾਅਲੀ ਡਿਗਰੀ ਬਣਾ ਲਗਵਾਇਆ ਸੀ ਸਟਡੀ ਵੀਜ਼ਾ
ਫਰੀਦਕੋਟ: ਫਰੀਦਕੋਟ ਦੇ ਪਿੰਡ ਡੱਲੇਵਾਲਾ ਦੇ ਇੱਕ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਇੰਗਲੈਂਡ ਏਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਗਿਆ, ਜੋ ਸਟਡੀ ਵੀਜ਼ਾ ਲੈ ਕੇ ਇੰਗਲੈਂਡ ਪੜ੍ਹਾਈ ਕਰਨਾ ਚਾਹੁੰਦਾ ਸੀ। ਉਸ ਨੂੰ ਡਿਪੋਰਟ ਹੋਣ ਤੋਂ ਬਾਅਦ ਏਅਰਪੋਰਟ ਅਥਾਰਟੀ ਵੱਲੋਂ ਫਰੀਦਕੋਟ ਪੁਲਿਸ ਨੂੰ ਸੌਂਪਿਆ ਗਿਆ। ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਫਰੀਦਕੋਟ ਦੇ ਪਿੰਡ ਡੱਲੇਵਾਲਾ ਦਾ ਰਹਿਣ ਵਾਲਾ ਹੈ। ਉਸ ਵੱਲੋਂ ਸਟਡੀ ਵੀਜ਼ਾ ਤਹਿਤ ਇੰਗਲੈਂਡ ਦਾ ਵੀਜ਼ਾ ਲਿਆ ਗਿਆ ਸੀ ਅਤੇ ਪੁੱਛਗਿਛ ਦੌਰਾਨ ਇੰਗਲੈਂਡ ਏਅਰਪੋਰਟ ’ਤੇ ਗਲਤ ਪਾਏ ਜਾਣ ’ਤੇ ਇੰਗਲੈਂਡ ਅੰਬੈਸੀ ਵੱਲੋਂ ਉਸ ਨੂੰ ਉਥੋਂ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ।
ਏਅਰਪੋਰਟ ਅਥਾਰਟੀ ਵੱਲੋਂ ਉਸ ਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕੀਤਾ ਗਿਆ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸੁਖਪ੍ਰੀਤ ਸਿੰਘ ਨੇ ਫਰੀਦਕੋਟ ਦੇ ਇੱਕ ਟਰੈਵਲ ਏਜੰਟ ਇੰਦਰਬੀਰ ਸਿੰਘ ਜੋ ਕਰੋਸ ਲਿੰਕ ਨਾਮਕ ਇਮੀਗ੍ਰੇਸ਼ਨ ’ਤੇ ਆਪਣਾ ਸੈਂਟਰ ਚਲਾਉਂਦਾ ਹੈ, ਉਸ ਵੱਲੋਂ 19 ਲਖ ਰੁਪਏ ਲੈ ਕੇ ਸੁਖਪ੍ਰੀਤ ਦਾ ਵੀਜ਼ਾ ਲਗਵਾ ਕੇ ਦਿੱਤਾ ਗਿਆ ਸੀ। ਉਸ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਫੇਕ ਡਿਗਰੀ ਬਣਾ ਕੇ ਉਸ ਦੇ ਡਾਕੂਮੈਂਟ ਤਿਆਰ ਕੀਤੇ ਗਏ ਸਨ। ਜਿਸ ਦੇ ਅਧਾਰ ’ਤੇ ਹੀ ਉਸ ਨੂੰ ਇੰਗਲੈਂਡ ਅੰਬੈਸੀ ਵੱਲੋਂ ਉਸ ਨੂੰ ਡਿਪੋਰਟ ਕਰ ਦਿੱਤਾ ਅਤੇ ਵਾਪਸ ਇੰਡੀਆ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਸੁਖਪ੍ਰੀਤ ਸਿੰਘ ਅਤੇ ਕਰੋਸ ਲਿੰਕ ਇਮੀਗ੍ਰੇਸ਼ਨ ਦੇ ਮਾਲਕ ਇੰਦਰਬੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਅੱਗੇ ਕਾਰਵਾਈ ਜਾਰੀ ਹੈ।
