
ਪੰਜਾਬ ਯੂਨੀਵਰਸਟੀ ਵਲੋਂ ਗਵਰਨੈਂਸ ਅਤੇ ਲੀਡਰਸ਼ਿਪ ਬਾਰੇ ਤਿੰਨ ਨਵੇਂ ਕੋਰਸ ਇਸੇ ਸਾਲ ਲਾਗੂ ਕੀਤੇ ਜਾ ਰਹੇ ਹਨ, ਜਿਸ ਵਿਚ ਆਮ ਵਿਦਿਆਰਥੀ ਤੋਂ ਇਲਾਵਾ ਨੌਕਰੀਆਂ ਕਰ ਰਹੇ..
ਚੰਡੀਗੜ੍ਹ, 3 ਅਗੱਸਤ (ਬਠਲਾਣਾ) : ਪੰਜਾਬ ਯੂਨੀਵਰਸਟੀ ਵਲੋਂ ਗਵਰਨੈਂਸ ਅਤੇ ਲੀਡਰਸ਼ਿਪ ਬਾਰੇ ਤਿੰਨ ਨਵੇਂ ਕੋਰਸ ਇਸੇ ਸਾਲ ਲਾਗੂ ਕੀਤੇ ਜਾ ਰਹੇ ਹਨ, ਜਿਸ ਵਿਚ ਆਮ ਵਿਦਿਆਰਥੀ ਤੋਂ ਇਲਾਵਾ ਨੌਕਰੀਆਂ ਕਰ ਰਹੇ ਬਾਬੂ ਅਫ਼ਸਰ ਵੀ ਦਾਖ਼ਲਾ ਲੈ ਸਕਣਗੇ, ਇਨ੍ਹਾਂ ਲੋਕਾਂ ਲਈ ਸ਼ਾਮ ਦੀਆਂ ਕਲਾਸਾਂ ਤੋਂ ਇਲਾਵਾ ਸ਼ਨਿਚਰਵਾਰ ਨੂੰ ਵੀ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਪੰਜਾਬ ਯੂਨੀਵਰਸਟੀ ਦੇ ਵੀ ਸੀ ਪ੍ਰੋ. ਅਜੁਨ ਕੁਮਾਰ ਗਰੋਵਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਗਵਰਨੈਂਸ ਅਤੇ ਲੀਡਰਸ਼ਿਪ ਬਾਰੇ ਦੋ ਸਾਲਾ ਮਾਸਟਰ ਡਿਗਰੀ ਕੋਰਸ ਤੋਂ ਇਲਾਵਾ, ਤਿੰਨ ਮਹੀਨੇ ਦਾ ਸਰਟੀਫਿਕੇਟ ਕੋਰਸ ਅਤੇ 4 ਹਫ਼ਤਿਆਂ ਦਾ ਕਰੈਸ਼ ਕੋਰਸ ਅਰੰਭ ਕੀਤਾ ਜਾ ਰਿਹਾ ਹੈ। ਪ੍ਰੋ. ਗਰੋਵਰ ਨੇ ਕਿਹਾ ਕਿ ਚੰਗਾ ਪ੍ਰਸਾਸ਼ਨ ਅਤੇ ਲੀਡਰਸ਼ਿਪ ਹਰੇਕ ਮੈਂਬਰ ਦੀ ਮੁੱਢਲੀ ਜਰੂਰਤ ਹੈ। ਕੋਰਸ ਲਈ 50 ਫ਼ੀਸਦੀ ਵਾਲੇ ਪੋਸਟ ਗਰੈਜੁਏਟ ਵਿਦਿਆਰਥੀ ਜਾਂ 45 ਫ਼ੀਸਦੀ ਵਾਲੇ ਪੋਸਟਗਰੈਜੁਏਟ ਵਿਦਿਆਰਥੇ/ ਮੁਲਾਜ਼ਮ ਦਾਖਲੇ ਦੇ ਯੋਗ ਹਨ। ਪ੍ਰੋਗ੍ਰਾਮ ਕੋਆਰਡੀਨੇਟਰ ਡਾ. ਸ਼ਾਮ ਰਾਜਪੂਤ ਨੇ ਦੱਸਿਆ ਕਿ ਹਰੇਕ ਪ੍ਰੋਗ੍ਰਾਮ ਦੇ ਅੰਤ ਵਿਚ ਕੋਰਸ ਕਰਨ ਵਾਲਿਆ ਨੂੰ ਗਵਰਨੈਂਸ ਮੁੱਦਿਆਂ ਸਬੰਧੀ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਗਿਆਨ ਮਿਲੇਗਾ, ਇਨ੍ਹਾਂ ਤੋਂ ਇਲਾਵਾ ਸਿਆਸੀ ਅਤੇ ਵਿਧਾਨਕ ਢਾਚਿਆਂ, ਮੀਡੀਆ ਨਾਲ ਵਰਤਾਓ, ਕਾਨੂੰਨੀ ਦਾਅ-ਪੇਚ, ਮਨੁੱਖੀ ਅਧਿਕਾਰਾਂ , ਲਿੰਗ ਸਮਾਨਤਾ ਆਦਿ ਗੰਭੀਰ ਮੁੱਦਿਆਂ ਨੂੰ ਹੱਲ ਕਰਨ 'ਚ ਮੱਦਦ ਮਿਲੇਗੀ । ਇਸ ਤੋਂ ਇਲਾਵਾ ਗਰੈਜੁਏਟਾਂ ਨੂੰ ਵਿਤੀ ਅਤੇ ਮਨੁੱਖੀ ਵਸੀਲਿਆ, ਟਿਕਾਊ ਵਿਕਾਸ, ਚੋਣ ਪ੍ਰਕ੍ਰਿਆ, ਵਰਗੇ ਮੁੱਦਿਆਂ ਤੇ ਵਿਸ਼ਾਲ ਜਾਣਕਾਰੀ ਮਿਲ ਸਕੇਗੀ, ਕੋਰਸਾਂ ਦੌਰਾਨ ਜਿਆਦਾ ਜ਼ੋਰ ਵਿਵਹਾਰਿਕ ਪੱਖ ਤੋਂ ਹੋਵੇਗਾ। ਤਿੰਨੋਂ ਕੋਰਸਾਂ 'ਚ ਦਾਖਲਾ ਅਰਜ਼ੀਆਂ ਦੀ ਆਖਰੀ ਤਰੀਕ 21 ਅਗੱਸਤ ਹੈ।