
ਰਾਜਨਾਥ ਸਿੰਘ ਨੇ ਇਜ਼ਰਾਈਲ ਦੇ ਰਖਿਆ ਮੰਤਰੀ ਨਾਲ ਫ਼ੋਨ ’ਤੇ ਕੀਤੀ ਗੱਲਬਾਤ
ਨਵੀਂ ਦਿੱਲੀ, 29 ਮਾਰਚ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਣੇ ਇਜ਼ਰਾਇਲੀ ਹਮਰੁਤਬਾ ਬੇਂਜਾਮਿਨ ਗੈਂਟਜ ਨਾਲ ਮੰਗਲਵਾਰ ਨੂੰ ਫ਼ੋਨ ’ਤੇ ਗੱਲ ਕੀਤੀ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦੀ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਮੁਲਤਵੀ ਹੋਣ ਦੇ ਥੋੜ੍ਹੀ ਦੇਰ ਬਾਅਦ ਹੀ ਦੋਹਾਂ ਨੇਤਾਵਾਂ ਨੇ ਫ਼ੋਨ ’ਤੇ ਗੱਲ ਕੀਤੀ। ਬੇਨੇਟ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਸਨ। ਰਾਜਨਾਥ ਸਿੰਘ ਨੇ ਟਵੀਟ ਕੀਤਾ, ‘‘ਇਜ਼ਰਾਇਲ ਦੇ ਰਖਿਆ ਮੰਤਰੀ ਬੇਂਜਾਮਿਨ ਨਾਲ ਫ਼ੋਨ ’ਤੇ ਗੱਲ ਕੀਤੀ। ਇਜ਼ਰਾਇਲ ’ਚ ਅਤਿਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਲੈ ਕੇ ਹਮਦਰਦੀ ਜਾਹਰ ਕੀਤੀ। ਅਤਿਵਾਦ ਇਕ ਗਲੋਬਲ ਖ਼ਤਰਾ ਹੈ, ਜਿਸ ਦਾ ਅੱਜ ਦੀ ਦੁਨੀਆਂ ’ਚ ਕੋਈ ਥਾਂ ਨਹੀਂ ਹੈ।’’ ਸਿੰਘ ਨੇ ਇਕ ਹੋਰ ਟਵੀਟ ’ਚ ਕਿਹਾ ਕਿ ਭਾਰਤ ਅਤੇ ਇਜ਼ਰਾਇਲ ਪੂਰਨ ਡਿਪਲੋਮੈਂਟ ਸਬੰਧਾਂ ਦੇ 30 ਸਾਲ ਪੂਰੇ ਕਰਨ ਜਾ ਰਹੇ ਹਨ ਅਤੇ ਦੋਵੇਂ ਦੇਸ਼ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹਨ। ਰਾਜਨਾਥ ਨੇ ਕਿਹਾ ਕਿ ਰਖਿਆ ਸਹਿਯੋਗ ਸਾਡੀ ਸਾਂਝੇਦਾਰੀ ਦਾ ਪ੍ਰਮੁੱਖ ਸਤੰਭ ਹੈ। (ਏਜੰਸੀ)