
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਅੱਜ ਵਿਰੋਧੀ ਧਿਰ ਸੱਤਾਧਾਰੀਆਂ ਨੂੰ ਲਵੇਗੀ ਨਿਸ਼ਾਨੇ ’ਤੇ
ਅੰਮ੍ਰਿਤਸਰ, 29 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ, ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ, ਬਾਅਦ ਦੁਪਹਿਰ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਵਿਰੋਧੀ ਧਿਰ ਸੱਤਾਧਾਰੀਆਂ ਨੂੰ ਨਿਸ਼ਾਨੇ ’ਤੇ ੇਲਵੇਗੀ। ਸਿੱਖਾਂ ਦੇ ਭਖਦੇ ਮਸਲਿਆਂ ਅਤੇ ਹੋ ਰਹੀਆਂ ਬੇਨਿਯਮੀਂਆਂ ਤੇ ਸਤਾ ਪੱਖ ਨੂੰ ਘੇਰਿਆ ਜਾਵੇਗਾ।
ਪੰਥਕ ਮਸਲਿਆਂ ਤੇ ਨਜ਼ਰ ਰੱਖ ਰਹੇ ਮਾਹਰਾਂ ਮੁਤਾਬਕ ਸਿੱਖ ਮਸਲੇ ਕਾਫ਼ੀ ਹਨ ਪਰ ਇਨ੍ਹਾਂ ’ਤੇ ਕਦੇ ਵੀ ਉਸਾਰੂ ਬਹਿਸ ਨਹੀਂ ਹੋਈ, ਇਹ ਇਕ ਦਿਨਾ ਬਜਟ ਸਮਾਗਮ, ਰੌਲੇ-ਰੱਪੇ ਵਿਚ ਹੀ ਸਮਾਪਤ ਹੋ ਜਾਂਦਾ ਹੈ। ਵਿਰੋਧੀ ਧਿਰ ਦੀ ਗਿਣਤੀ ਥੋੜ੍ਹੀ ਹੋਣ ਦਾ ਲਾਹਾ ਵੀ, ਸੱਤਾਧਾਰੀਆਂ ਵਲੋਂ ਲਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਖ਼ਾਸ ਮੁਲਾਕਾਤ ਦੌਰਾਨ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਟਰੱਸਟਾਂ ਦੀ ਦੁਰਵਰਤੋਂ ਹੋ ਰਹੀ ਹੈ। ਇਹ ਟਰੱਸਟ, ਮੈਡੀਕਲ, ਤਕਨੀਕੀ ਸਿਖਿਆ ਅਦਾਰਿਆਂ ਨਾਲ ਸਬੰਧਤ ਹਨ ਜਿਨ੍ਹਾਂ ਤੇ ਬਾਦਲ ਪ੍ਰਵਾਰ ਤੇ ਉਨ੍ਹਾਂ ਦੇ ਕਰੀਬੀ ਕਾਬਜ਼ ਹਨ। ਇਨ੍ਹਾਂ ਟਰੱਸਟ ਦੀਆਂ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਸ਼ਮੂਲੀਅਤ ਕਰਦੇ ਹਨ। ਇਹ ਟਰੱਸਟ ਕੁੱਝ ਸਮੇਂ ਤੋਂ ਬਜਟ ਦਾ ਹਿੱਸਾ ਨਹੀਂ ਬਣ ਰਹੇ।
ਸਾਬਕਾ ਅੰਤਿ੍ਰਗ ਕਮੇਟੀ ਮੈਂਬਰ Çੱਮੱਠੂ ਸਿੰਘ ਕਾਹਨੇਕੇ ਵਿਰੋਧੀ ਧਿਰ ਨਾਲ ਸਬੰਧਤ ਹਨ, ਜਿਨ੍ਹਾਂ ਦੋਸ਼ ਲਾਇਆ ਕਿ ਸਾਬਕਾ ਅਕਾਲੀ ਮੰਤਰੀ ਨੇ ਗੁਰੂ ਘਰ ਦੀ ਛੇ ਏਕੜ , ਚਾਰ ਕਨਾਲ, 13 ਮਰਲੇ ਜ਼ਮੀਨ 99 ਸਾਲਾ ਪੱਟੇ ’ਤੇ ਲੈ ਕੇ ਉਥੇ ਸਕੂਲ ਬਣਾਇਆ ਹੈ। ਇਹ ਕੀਮਤੀ ਡੇਰਾ ਬਾਬਾ ਨਾਨਕ ਇਲਾਕੇ ਵਿਚ ਸਥਿਤ ਹੈ। ਇਸ ਦਾ ਉਹ ਇਕ ਹਜ਼ਾਰ ਰੁਪਏ ਸਾਲਾਨਾ ਦਿੰਦੇ ਹਨ। ਇਸ ਤਰ੍ਹਾਂ ਹੀ 300 ਏਕੜ ਜ਼ਮੀਨ ਭਾਈ ਰੂਪਾ ਵਿਖੇ ਹੈ ਜਿਸ ਵਿਚੋਂ 166 ਏਕੜ ਜ਼ਮੀਨ ਵਾਹੀਯੋਗ ਹੈ ਤੇ ਬਕਾਇਦਾ ਇਹ ਭੋਂ ਠੇਕੇ ਤੇ ਜਾਂਦੀ ਰਹੀ ਹੈ। ਬਾਕੀ ਜ਼ਮੀਨ ਛੁਡਵਾਈ ਹੀ ਨਹੀਂ ਗਈ। ਇਸ ’ਤੇ ਨਾਜਾਇਜ਼ ਲੋਕ ਕਾਬਜ਼ ਹਨ। ਇਕ ਸਾਬਕਾ ਮੰਤਰੀ ਦੀ ਸਿਆਸੀ ਦਖ਼ਲ ਅੰਦਾਜ਼ੀ ਹੈ।
ਕੋਟ ਫੱਤਾ ਵਿਖੇ 103 ਏਕੜ , ਮੌੜ ਕਲਾਂ, (ਮੌੜ ਮੰਡੀ) 100 ਏਕੜ, 166 ਏਕੜ ਖ਼ਾਲੀ ਪਈ ਹੈ। ਉਨ੍ਹਾਂ ਮਿਸਾਲ ਵਜੋਂ ਦਸਦਿਆਂ ਕਿਹਾ ਕਿ ਗੁਰੂਘਰ ਦੀਆਂ ਜ਼ਮੀਨਾ ਤੇ ਉਹ ਕਾਬਜ਼ ਹਨ ਜੋ ਅਪਣੇ ਆਪ ਨੂੰ ਪੰਥਕ ਹਿਤੈਸ਼ੀ ਦਸਦੇ ਹਨ। ਮਿੱਠੂ ਸਿੰਘ ਨੇ ਦਸਿਆ ਕਿ ਉਹ ਪਿਛਲੇ ਸਮੇਂ ਜ਼ਮੀਨਾਂ ਛੁਡਵਾਉਣ ਲਈ ਯਤਨਸ਼ੀਲ ਹਨ ਪਰ ਵੰਸ਼ਵਾਦੀ ਕੋਈ ਪੇਸ਼ ਨਹੀਂ ਜਾਣ ਦੇ ਰਹੇ।