
ਤੇਲ ਕੀਮਤਾਂ ਵਿਚ ਵਾਧੇ ਵਿਰੁਧ ਯੂਥ ਕਾਂਗਰਸ ਨੇ ਪਟਰੌਲੀਅਮ ਮੰਤਰਾਲੇ ਦੇ ਸਾਹਮਣੇ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ, 29 ਮਾਰਚ : ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਲੇ ਪਟਰੌਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਵਿਰੁਧ ਮੰਗਲਵਾਰ ਨੂੰ ਇਥੇ ਪਟਰੌਲੀਅਮ ਮੰਤਰਾਲੇ ਨੇੜੇ ਪ੍ਰਦਰਸ਼ਨ ਕੀਤਾ। ਭਾਰਤੀ ਯੂਥ ਕਾਂਗਰਸ ਦੀਆਂ ਕਈ ਮਹਿਲਾ ਵਰਕਰਾਂ ਨੇ ਸੜਕ ’ਤੇ ਚੁੱਲ੍ਹਾ ਰੱਖ ਕੇ ਰੋਟੀਆਂ ਸੇਕੀਆਂ ਅਤੇ ਅਪਣਾ ਰੋਸ ਦਰਜ ਕਰਵਾਇਆ। ਇਸ ਦੇ ਵਿਰੋਧ ਵਿਚ ਸੰਗਠਨ ਦੇ ਵਰਕਰਾਂ ਨੇ ‘ਸਿਲੰਡਰ ਦੀ ਅਰਥੀ’ ਵੀ ਕੱਢੀ। ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਵਿਰੋਧ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਟਵੀਟ ਕੀਤਾ, ‘‘ਔਰਤਾਂ ਸੜਕਾਂ ’ਤੇ ਹਨ, ਸਮਿ੍ਰਤੀ ਇਰਾਨੀ ਕਿੱਥੇ ਹੈ?’’ ਉਨ੍ਹਾਂ ਕਿਹਾ ਕਿ ਸਰਕਾਰ ਵਧੀਆਂ ਕੀਮਤਾਂ ਨੂੰ ਤੁਰਤ ਵਾਪਸ ਲਵੇ।
ਕਾਂਗਰਸੀ ਆਗੂ ਕੇਂਦਰ ਦੀ ਭਾਜਪਾ ਸਰਕਾਰ ’ਤੇ ਤੇਲ ਦੀਆਂ ਕੀਮਤਾਂ ’ਚ ਵਾਧੇ ਤੋਂ ‘ਟੈਕਸ’ ਅਤੇ ‘ਮੁਨਾਫਾਖੋਰੀ’ ਦਾ ਦੋਸ਼ ਲਾਉਂਦੇ ਆ ਰਹੇ ਹਨ। ਵਿਰੋਧੀ ਪਾਰਟੀ ਨੇ ਤਿੰਨ-ਪੜਾਵੀ ਮੁਹਿੰਮ - ‘ਮਹਿੰਗਾਈ-ਮੁਕਤ ਭਾਰਤ ਅਭਿਆਨ’ - ਦਾ ਵੀ ਐਲਾਨ ਕੀਤਾ ਹੈ। ਜਿਸ ਲਈ ਉਹ 31 ਮਾਰਚ ਤੋਂ 7 ਅਪ੍ਰੈਲ ਦੇ ਵਿਚਕਾਰ ਦੇਸ ਭਰ ਵਿਚ ਰੈਲੀਆਂ ਅਤੇ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ। (ਏਜੰਸੀ)