
ਹਾਦਸੇ 'ਚ ਉਨ੍ਹਾਂ ਦੇ ਭਤੀਜੇ ਦੇ ਮਾਮੂਲੀ ਸੱਟਾਂ ਲੱਗੀਆਂ।
ਸੰਗਰੂਰ : ਭਵਾਨੀਗੜ੍ਹ ’ਚ ਤੇਜ਼ ਰਫਤਾਰ ਮੋਟਰਸਾਈਕਲ ਖੰਭੇ ਨਾਲ ਟਕਰਾਅ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰ ਪਾਲ ਭੋਲਾ ਵੱਜੋਂ ਹੋਈ ਹੈ। ਮ੍ਰਿਤਕ ਆਪਣੇ ਭਤੀਜੇ ਨਾਲ ਸ਼ਹਿਰ ਦੀ ਨਵੀਂ ਅਨਾਜ ਮੰਡੀ 'ਚੋਂ ਘਰ ਜਾ ਰਿਹਾ ਸੀ, ਜਦੋਂਕਿ ਹਾਦਸੇ 'ਚ ਉਨ੍ਹਾਂ ਦੇ ਭਤੀਜੇ ਦੇ ਮਾਮੂਲੀ ਸੱਟਾਂ ਲੱਗੀਆਂ।
ਮਿਲੀ ਜਾਣਕਾਰੀ ਮ੍ਰਿਤਕ ਆਪਣੇ 4 ਸਾਲ ਦੇ ਭਤੀਜੇ ਨੂੰ ਆਪਣੀ ਦੁਕਾਨ ਤੋਂ ਘਰ ਛੱਡਣ ਲਈ ਜਾ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਮ੍ਰਿਤਕ ਮੋਬਾਇਲ ਫ਼ੋਨ ’ਤੇ ਗੱਲ ਕਰ ਰਿਹਾ ਸੀ। ਜਦੋਂ ਫੋਨ ’ਤੇ ਗੱਲ ਕਰਨ ਤੋਂ ਬਾਅਦ ਉਹ ਫ਼ੋਨ ਜੇਬ 'ਚ ਪਾਉਣ ਲੱਗਾ ਤਾਂ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਖੰਭੇ ਨਾਲ ਜਾ ਟਕਰਾਇਆ। ਸਿਰ ’ਚ ਸੱਟ ਲੱਗਣ ਕਾਰਨ ਸੁਰਿੰਦਰਪਾਲ ਦੀ ਮੌਤ ਹੋ ਗਈ ਤੇ ਭਤੀਜੇ ਨੂੰ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਹੋ ਗਿਆ।
ਹਾਦਸੇ 'ਚ ਸੁਰਿੰਦਰ ਪਾਲ ਭੋਲਾ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਇਲਾਕਾ ਵਾਸੀਆਂ 'ਚ ਸੋਗ ਫੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ ਨੂੰ ਹੀ ਮ੍ਰਿਤਕ ਦੇ ਭਰਾ ਦੇ ਬੇਟੇ ਦਾ ਵਿਆਹ ਸਮਾਗਮ ਸੀ। ਇਸ ਸਬੰਧੀ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਜੁੱਟਿਆ ਹੋਇਆ ਸੀ ਤੇ ਵਿਆਹ ਵਾਲੇ ਦਿਨ ਵਾਪਰੇ ਇਸ ਮੰਦਭਾਗੇ ਹਾਦਸੇ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੰਗਰੂਰ ਭੇਜ ਦਿੱਤਾ ਹੈ।