
ਮੁਹਾਲੀ, ਸੰਗਰੂਰ, ਪਟਿਆਲਾ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ’ਚ ਤੂਫਾਨ ਦੀ ਚਿਤਾਵਨੀ
Punjab Weather News: ਪੰਜਾਬ ਵਿਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਇਕ ਵਾਰ ਫਿਰ ਬਦਲ ਗਿਆ ਹੈ। ਤੇਜ਼ ਹਵਾਵਾਂ ਦੇ ਨਾਲ-ਨਾਲ ਕਈ ਥਾਵਾਂ 'ਤੇ ਹਲਕੀ ਬਾਰਸ਼ ਅਤੇ ਗੜੇ ਵੀ ਪਏ। ਮੌਸਮ ਵਿਭਾਗ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ ਯੈਲੋ-ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮਾਨਸਾ ਅਤੇ ਸੰਗਰੂਰ ਵਿਚ ਯੈਲੋ ਅਲਰਟ ਅਤੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਹੈ। ਵਿਭਾਗ ਅਨੁਸਾਰ ਇਸ ਦੌਰਾਨ ਗੜੇਮਾਰੀ, ਬਿਜਲੀ, 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਤੂਫ਼ਾਨ ਅਤੇ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ।
ਅਜਿਹੇ 'ਚ ਸੂਬੇ ਦੇ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ 'ਚ ਬਦਲਾਅ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਚੰਡੀਗੜ੍ਹ ਨੇ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਵਿਭਾਗ ਅਨੁਸਾਰ ਸੰਗਰੂਰ, ਪਟਿਆਲਾ, ਮੁਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਵਿਚ ਬਿਜਲੀ ਦੇ ਨਾਲ ਗੰਭੀਰ ਤੂਫਾਨ (ਹਵਾ ਦੀ ਗਤੀ 60-70 ਕਿਲੋਮੀਟਰ) ਦੀ ਸੰਭਾਵਨਾ ਹੈ ।
ਮੌਸਮ ਵਿਭਾਗ ਵਲੋਂ ਤਹਿਸੀਲ ਪੱਧਰ 'ਤੇ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਕੱਟੀ ਹੋਈ ਫ਼ਸਲ ਨੂੰ ਸੁਰੱਖਿਅਤ ਥਾਂ 'ਤੇ ਰੱਖਣ ਦੀ ਸਲਾਹ ਦਿਤੀ ਗਈ ਹੈ।
(For more Punjabi news apart from Punjab Weather News Heavy rain and strong wind in many areas, stay tuned to Rozana Spokesman)