
9 ਮਿੰਟ ’ਚ ਸੁਣਾਏ ਉਲਟੇਕ੍ਰਮ ’ਚ 1 ਤੋਂ 100 ਤਕ ਪਹਾੜੇ
Bathinda News : ਰਾਮਪੁਰਾ ਫੂਲ ਦੇ 7 ਸਾਲਾ ਵਿਦਿਆਰਥੀ ਮੇਹਰਜੋਤ ਸਿੰਘ ਨੇ 1 ਤੋਂ 100 ਤਕ ਦੇ ਪਹਾੜੇ ਉਲਟੇ ਕਰਮ ਵਿਚ ਸਿਰਫ਼ 9 ਮਿੰਟਾਂ ਵਿਚ ਸੁਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਜਿਸ ਉਪਰੰਤ ਡੀਸੀ ਸ਼ੌਕਤ ਅਹਿਮਦ ਪਰੇ ਅਤੇ ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਮੇਹਰਜੋਤ ਨੂੰ ਉੱਚ ਸਨਮਾਨ ਨਾਲ ਨਿਵਾਜਿਆ।
ਸ਼ਾਰਪ ਬ੍ਰੇਨਸ ਏਜੂਕੇਸ਼ਨ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦਸਿਆ ਕਿ ਮੇਹਰਜੋਤ ਸਪੁੱਤਰ ਡਾ: ਸਵਰਨਜੀਤ ਕੌਰ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਵਿਚ ਦੂਸਰੀ ਕਲਾਸ ਦਾ ਵਿਦਿਆਰਥੀ ਹੈ। ਉਸ ਨੇ 1 ਤੋਂ 100 ਤਕ ਦੇ ਪਹਾੜੇ ਉਲਟੇ ਕ੍ਰਮ ਵਿਚ ਸਿਰਫ਼ 9 ਮਿੰਟਾਂ ਵਿਚ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਵਿਚ ਅਪਣਾ ਨਾਮ ਦਰਜ ਕਰਵਾਇਆ।
ਮੇਹਰਜੋਤ ਨੂੰ ਮੈਡਲ ਅਤੇ ਸਰਟੀਫ਼ਿਕੇਟ ਨਾਲ ਸਨਮਾਨਤ ਕੀਤਾ ਗਿਆ ਅਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਐਲਾਨਿਆ ਹੈ। ਉਸ ਨੇ ਇਹ ਤਿਆਰੀ ਅਬੈਕਸ ਵਿਧੀ ਨਾਲ ਕੀਤੀ ਹੈ । ਡੀਸੀ ਸ਼ੌਕਤ ਅਹਿਮਦ ਪਰੇ ਨੇ ਅਪਣੇ ਦਫ਼ਤਰ ਵਿਚ ਮੇਹਰਜੋਤ ਦਾ ਪ੍ਰਦਰਸ਼ਨ ਦੇਖਿਆ ਅਤੇ ਉਸ ਦੀ ਤੇਜ਼ੀ ਤੇ ਸੂਝ-ਬੂਝ ਦੇ ਮੁਹਤਾਜ ਹੋ ਗਏ।
ਉਨ੍ਹਾਂ ਮੇਹਰਜੋਤ ਨੂੰ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਵਧਾਈ ਦਿਤੀ। ਉਕਤ ਜ਼ਿਲ੍ਹਾ ਅਧਿਕਾਰੀਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਾ ਰਹੇਗਾ। ਮੇਹਰਜੋਤ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ ਹੈ।