
ਮੁਲਜ਼ਮਾਂ ਨੂੰ ਸਜ਼ਾ ਆਉਂਦੀ 4 ਅਪ੍ਰੈਲ ਨੂੰ ਸੁਣਾਈ ਜਾਵੇਗੀ
Moga sex scandal: ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਮੋਗਾ ਸੈਕਸ ਕਾਂਡ ਅਤੇ ਬਲੈਕਮੇਲਿੰਗ ਕਾਂਡ ’ਚ ਅਪਣਾ ਫ਼ੈਸਲਾ ਸੁਣਾਉਂਦਿਆਂ ਮੋਗਾ ਦੇ ਤਤਕਾਲੀਨ ਐਸਐਸਪੀ ਦਵਿੰਦਰ ਸਿੰਘ ਗਰਚਾ ਮੋਗਾ ਪੁਲਿਸ ਥਾਣੇ ਦੇ ਉਦੋਂ ਦੇ ਐਸਐਚਓਜ਼ ਰਮਨ ਕੁਮਾਰ, ਤਤਕਾਲੀ ਐਸ ਪੀ ਪੀ. ਐਸ. ਸੰਧੂ, ਇੰਸਪੈਕਟਰ ਅਮਰਜੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਦਿਤਾ ਹੈ।
ਦੂਜੇ ਮੁਲਜ਼ਮਾਂ ਬਰਜਿੰਦਰ ਸਿੰਘ ਉਰਫ਼ ਮੱਖਣ (ਜੋ ਸਵਰਗੀ ਅਕਾਲੀ ਆਗੂ ਦੇ ਪੁੱਤਰ ਹਨ) ਤੇ ਸੁਖਰਾਜ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਵਕੀਲ ਅਨਮੋਲ ਨਾਰੰਗ ਨੇ ਦਸਿਆ ਕਿ ਮੁਲਜ਼ਮਾਂ ਨੂੰ ਸਜ਼ਾ ਆਉਂਦੀ 4 ਅਪ੍ਰੈਲ ਨੂੰ ਸੁਣਾਈ ਜਾਵੇਗੀ। ਇਹ ਮਾਮਲਾ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਚਲਾ ਗਿਆ ਸੀ ਤੇ ਉਸ ਦੀਆਂ 11 ਦਸੰਬਰ, 2007 ਨੂੰ ਦਿਤੀਆਂ ਹਦਾਇਤਾਂ ’ਤੇ ਹੀ ਸੀਬੀਆਈ ਨੇ ਅਪਣੇ ਪੱਧਰ ’ਤੇ ਵਖਰਾ ਕੇਸ ਦਰਜ ਕੀਤਾ ਸੀ।
ਹਾਈ ਕੋਰਟ ਨੇ ਉਦੋਂ ਆਖਿਆ ਸੀ ਕਿ ਇਸ ਮਾਮਲੇ ਦੀ ਜਾਂਚ ਡੀਐਸਪੀ ਰੈਂਕ ਦਾ ਇਕ ਅਧਿਕਾਰੀ ਕਰ ਰਿਹਾ ਹੈ ਪਰ ਉਹ ਪੁਲਿਸ ਵਿਭਾਗ ’ਚ ਅਪਣੇ ਤੋਂ ਸੀਨੀਅਰ ਅਧਿਕਾਰੀਆਂ ਤੇ ਤਾਕਤਵਰ ਸਿਆਸੀ ਆਗੂਆਂ ਦੀ ਜਾਂਚ ਕਿਵੇਂ ਕਰ ਸਕਦਾ ਹੈ। ਅਦਾਲਤ ਦੇ ਜੱਜਾਂ ਨੇ ਤਦ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਹ ਜਾਂਚ ਟੀਮ ’ਤੇ ਕੋਈ ਸ਼ੱਕ ਨਹੀਂ ਪ੍ਰਗਟਾ ਰਹੇ ਪਰ ਸਪੱਸ਼ਟ ਹੈ ਕਿ ਡਿਊਟੀ ਤੇ ਜਾਂਚ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਸਿਆਸੀ ਅਤੇ ਪ੍ਰਸ਼ਾਸਕੀ ਮਜਬੂਰੀਆਂ ਸਾਹਮਣੇ ਆ ਜਾਂਦੀਆਂ ਹਨ ਤੇ ਟੀਮ ਲਈ ਕੰਮ ਕਰਨਾ ਔਖਾ ਹੋ ਜਾਂਦਾ ਹੈ। ਇਸੇ ਲਈ ਜਾਂਚ ਦੀ ਰਫ਼ਤਾਰ ਹੁਣ ਤਕ ਕਾਫ਼ੀ ਮੱਠੀ ਰਹੀ ਹੈ।
ਹਾਈ ਕੋਰਟ ਦੀ ਅਜਿਹੀ ਟਿਪਣੀ ਤੋਂ ਬਾਅਦ ਸੀਬੀਆਈ ਨੇ ਤਦ ਮੋਗਾ ਪੁਲਿਸ ਥਾਣੇ ਦੇ ਤਤਕਾਲੀਨ ਐਸਐਚਓ ਅਮਰਜੀਤ ਸਿੰਘ, ਸ੍ਰੀਮਤੀ ਮਨਜੀਤ ਕੌਰ ਪਤਨੀ ਸ੍ਰੀ ਰਾਜਪ੍ਰੀਤ ਸਿੰਘ ਨਿਵਾਸੀ ਪਿੰਡ ਬੱਦੂਵਾਲ (ਪੁਲਿਸ ਥਾਣਾ ਬੱਦੂਵਾਲ), ਮਨਪ੍ਰੀਤ ਕੌਰ ਪੁੱਤਰੀ ਸ੍ਰੀ ਸੁਖਦੇਵ ਸਿੰਘ ਵਾਸੀ ਪਿੰਡ ਬਰਸਾਲ, ਪੁਲਿਸ ਥਾਣਾ ਸਿੱਧਵਾਂ ਬੇਟ (ਲੁਧਿਆਣਾ) ਵਿਰੁਧ ਐਫ਼ਆਈਆਰ ਦਰਜ ਕਰ ਲਈ ਸੀ।
ਫਿਰ ਜਾਂਚ ਮੁਕੰਮਲ ਹੋਣ ’ਤੇ ਪਾਇਆ ਗਿਆ ਕਿ ਮੋਗਾ ਦੇ ਉਦੋਂ ਦੇ ਐਸਐਸਪੀ ਦਵਿੰਦਰ ਸਿੰਘ ਗਰਚਾ ਆਈਪੀਐਸ, ਮੋਗਾ ਦੇ ਹੀ ਉਦੋਂ ਦੇ ਐਸਪੀ (ਐਚ) ਪਰਮਦੀਪ ਸਿੰਘ ਸੰਧੂ, ਐਸਐਚਓ/ਇੰਸਪੈਕਟਰ ਅਮਰਜੀਤ ਸਿੰਘ, ਐਸਐਚਓ/ਸਬ–ਇੰਸਪੈਕਟਰ ਰਮਨ ਕੁਮਾਰ ਨੇ ਹੀ ਅਪਣੇ ਅਹੁਦਿਆਂ ਦੀਆਂ ਤਾਕਤਾਂ ਦੀ ਦੁਰਵਰਤੋਂ ਕਰਦਿਆਂ ਕਥਿਤ ਤੌਰ ’ਤੇ ਬਰਜਿੰਦਰ ਸਿੰਘ ਉਰਫ਼ ਮੱਖਣ ਪੁੱਤਰ ਸ੍ਰੀ ਤੋਤਾ ਸਿੰਘ, ਸੁਖਰਾਜ ਸਿੰਘ, ਮਨਜੀਤ ਕੌਰ, ਮਨਪ੍ਰੀਤ ਕੌਰ, ਐਡਵੋਕੇਟ ਰਣਬੀਰ ਸਿੰਘ ਉਰਫ਼ ਰਾਣੂ ਅਤੇ ਕਰਮਜੀਤ ਸਿੰਘ ਬਾਠ ਨਾਲ ਮਿਲ ਕੇ ਅਪਰਾਧਕ ਸਾਜ਼ਸ਼ ਰਚਣ ਦੇ ਦੋਸ਼ ਲੱਗੇ ਸਨ। ਉਨ੍ਹਾਂ ਆਮ ਬੇਦੋਸ਼ੇ ਲੋਕਾਂ ਵਿਰੁਧ ਝੂਠੇ ਕੇਸ ਪਾਏ।
ਇਸ ਲਈ ਮਨਪ੍ਰੀਤ ਕੌਰ ਨੂੰ ਵਰਤਿਆ ਗਿਆ। ਉਸੇ ਨੇ ਹਲਫ਼ੀਆ ਬਿਆਨ ਦਿਤੇ। ਜਿਨ੍ਹਾਂ ਦੇ ਆਧਾਰ ’ਤੇ ਝੂਠੇ ਕੇਸ ਪਾਏ ਗਏ ਤੇ ਹੋਰ ਕਈ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ।
ਪਰ ਅੰਤ ’ਚ ਮਨਪ੍ਰੀਤ ਕੌਰ ਵਾਅਦਾ–ਮੁਆਫ਼਼ ਗਵਾਹ ਬਣ ਗਈ। ਮੁਲਜ਼ਮ ਰਣਬੀਰ ਸਿੰਘ ਉਰਫ਼ ਰਾਣੂ ਤੇ ਕਰਮਜੀਤ ਸਿੰਘ ਬਾਠ ਵੀ ਵਾਅਦਾ–ਮਾਫ਼ ਗਵਾਹ ਬਣ ਗਏ। ਇਕ ਹੋਰ ਮੁਲਜ਼ਮ ਮਨਜੀਤ ਕੌਰ ਦਾ ਸੁਣਵਾਈ ਦੌਰਾਨ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।