
ਬੌਬੀ 13 ਅਪ੍ਰੈਲ ਨੂੰ ਦਲਿਤ ਸਮਾਜ ਤੇ ਸ਼ਿਵ ਸੈਨਿਕਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ
ਫਗਵਾੜਾ: ਫਗਵਾੜਾ ਹਿੰਸਾ ਵਿਚ ਮਾਰੇ ਗਏ ਨੌਜਵਾਨ ਜਸਵੰਤ ਬੌਬੀ ਦੇ ਪਰਵਾਰ ਨੂੰ ਸਰਕਾਰ ਨੇ ਪੰਜ ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ ਮ੍ਰਿਤਕ ਨੌਜਵਾਨ ਦੇ ਮਾਤਾ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਿਆ। ਐਤਵਾਰ ਨੂੰ ਕਰੜੀ ਸਰੱਖਿਆ ਹੇਠ ਜਸਵੰਤ ਬੌਬੀ ਦਾ ਸਸਕਾਰ ਕੀਤਾ ਗਿਆ। ਬੌਬੀ 13 ਅਪ੍ਰੈਲ ਨੂੰ ਦਲਿਤ ਸਮਾਜ ਤੇ ਸ਼ਿਵ ਸੈਨਿਕਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਲੁਧਿਆਣਾ ਦੇ ਡੀ.ਐਮ.ਸੀ 'ਚ ਇਲਾਜ ਅਧੀਨ ਉਸ ਦੀ ਮੌਤ ਹੋ ਗਈ ਸੀ।
3 ਅਪ੍ਰੈਲ ਦੀ ਰਾਤ ਫ਼ਗਵਾੜਾ ਦੇ ਗੌਲ ਚੌਕ ਵਿੱਚ ਡਾ. ਬੀ.ਆਰ. ਅੰਬੇਦਕਰ ਦੇ ਨਾਂਅ ਦਾ ਬੋਰਡ ਲਾ ਰਹੇ ਦਲਿਤਾਂ ਨਾਲ ਸ਼ਿਵ ਸੈਨਿਕਾਂ ਦਾ ਝਗੜਾ ਹੋ ਗਿਆ ਸੀ। ਇਸ ਦੌਰਾਨ ਗੋਲੀਆਂ ਲੱਗਣ ਨਾਲ ਦੋ ਮੁੰਡੇ ਜ਼ਖਮੀ ਹੋ ਗਏ ਸੀ। 19 ਸਾਲ ਦੇ ਬੌਬੀ ਦੇ ਸਿਰ ਵਿਚ ਗੋਲੀ ਲੱਗੀ ਸੀ, ਜੋ ਉਸ ਲਈ ਘਾਤਕ ਸਿੱਧ ਹੋਈ।
ਪ੍ਰਸ਼ਾਸਨ ਨੇ ਸ਼ਨੀਵਾਰ ਰਾਤ 11 ਵਜੇ ਹੀ ਜਲੰਧਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿਚ ਇੰਟਰਨੈਟ ਬੰਦ ਕਰ ਦਿੱਤਾ ਸੀ। ਐਤਵਾਰ ਸਵੇਰੇ ਫਿਲੌਰ ਤੋਂ ਜਲੰਧਰ ਤੱਕ ਨੈਸ਼ਨਲ ਹਾਈਵੇ ਵੀ ਬੰਦ ਕਰ ਦਿੱਤਾ ਗਿਆ। ਫਿਲਹਾਲ ਇੰਟਰਨੈੱਟ ਸੇਵਾ ਬਹਾਲ ਕਰਨ ਬਾਰੇ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਲਿਆ ਹੈ।