
ਕੋਰੋਨਾ ਦੀ ਲਪੇਟ 'ਚ ਆ ਕੇ ਦੁਬਈ 'ਚ ਰਹਿੰਦੇ ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ।
ਹੁਸ਼ਿਆਰਪੁਰ, 29 ਅਪ੍ਰੈਲ (ਥਾਪਰ) : ਕੋਰੋਨਾ ਦੀ ਲਪੇਟ 'ਚ ਆ ਕੇ ਦੁਬਈ 'ਚ ਰਹਿੰਦੇ ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਮੁਹੱਲਾ ਟਿੱਬਾ ਸਾਹਿਬ ਦਾ ਵਸਨੀਕ ਅਮਰਜੀਤ ਸਿੰਘ (51) ਪੁੱਤਰ ਕੇਵਲ ਸਿੰਘ, ਜੋ ਕਿ ਪਿਛਲੇ ਕਰੀਬ 20 ਸਾਲ ਤੋਂ ਦੁਬਈ ਦੀ 'ਅਬਦੁੱਲਾ ਐਂਡ ਸੰਨਜ਼' ਕੰਪਨੀ 'ਚ ਕੰਮ ਕਰ ਰਿਹਾ ਸੀ, ਨੂੰ ਕੋਰੋਨਾ ਨੇ ਅਪਣੀ ਲਪੇਟ 'ਚ ਲੈ ਲਿਆ। ਇਸ ਸਬੰਧੀ ਦੁਬਈ ਦੀ ਉਕਤ ਕੰਪਨੀ ਵਲੋਂ ਮ੍ਰਿਤਕ ਦੇ ਪਰਵਾਰ ਨੂੰ ਫ਼ੋਨ ਰਾਹੀਂ ਸੂਚਨਾ ਦਿਤੀ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਨੇ ਭਰੇ ਮਨ ਨਾਲ ਦਸਿਆ ਕਿ ਬੀਤੀ 16 ਅਪ੍ਰੈਲ ਨੂੰ ਅਮਰਜੀਤ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਦੁਬਈ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦਸਿਆ ਕਿ ਅਮਰਜੀਤ ਸਿੰਘ ਉਕਤ ਕੰਪਨੀ 'ਚ ਪਲੰਬਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ ਅਤੇ ਬਾਕਾਇਦਾ ਡਿਊਟੀ 'ਤੇ ਜਾਂਦਾ ਸੀ। ਕੁੱਝ ਦਿਨ ਪਹਿਲਾਂ ਉਸ ਦੀ ਸਿਹਤ ਠੀਕ ਨਹੀਂ ਸੀ। ਉਸ ਨੂੰ ਖੰਘ ਅਤੇ ਰੇਸ਼ਾ-ਜ਼ੁਕਾਮ ਆਦਿ ਦੀ ਸ਼ਿਕਾਇਤ ਹੋਣ ਕਾਰਨ ਦੁਬਈ ਦੇ ਇਕ ਵੱਡੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦਾ ਟੈਸਟ ਕਰਨ ਉਪਰੰਤ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਬਾਅਦ 'ਚ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਜਾਣ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।