
38ਵੇਂ ਬੀਬੀਆਂ ਦੇ ਜਥੇ ਨੇ ਵ੍ਹਾਈਟ ਹਾਊਸ ਸਾਹਮਣੇ ਕਿਸਾਨੀ ਹਮਾਇਤੀ ਅੰਦੋਲਨ ’ਚ ਨਵੀਂ ਰੂਹ ਫੂਕੀ
ਵਾਸ਼ਿੰਗਟਨ ਡੀ. ਸੀ., 29 ਅਪ੍ਰੈਲ (ਗਿੱਲ): ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਸਾਹਮਣੇ ਚਲ ਰਹੇ ਅੰਦੋਲਨ ਵਿਚ 38ਵੇਂ ਜਥੇ ਨੇ ਹਿੱਸਾ ਲਿਆ। ਇਹ ਜਥਾ ਸਿੰਘਣੀਆਂ ਦਾ ਗੁਰਦਵਾਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਤੋਂ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਨੇ ਅਰਦਾਸ ਕਰ ਕੇ ਤੋਰਿਆ। ਇਸ ਜਥੇ ਨੂੰ ਤੋਰਨ ਸਮੇਂ ਗੁਰੂਘਰ ਦੇ ਸਕੱਤਰ ਡਾ. ਸੁਰਿੰਦਰ ਸਿੰਘ ਗਿੱਲ, ਅਸਿਸਟੈਂਟ ਸਕੱਤਰ ਭਾਈ ਅਜੈਪਾਲ ਸਿੰਘ ਹਾਜ਼ਰ ਸਨ। ਪੰਜ ਬੀਬੀਆਂ ਦਾ ਜਥਾ ਬੀਬੀ ਗੁਰਸ਼ਰਨ ਕੌਰ ਦੀ ਅਗਵਾਈ ਵਿਚ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਗੁਰੂਘਰ ਤੋਂ ਕਿਸਾਨਾਂ ਦੀ ਹਮਾਇਤ ਵਿਚ ਸ਼ਾਮਲ ਹੋਇਆ। ਇਸ ਜਥੇ ਵਿਚ ਬੀਬੀ ਗੁਰਸ਼ਰਨ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਹਰਨੀਤ ਕੌਰ, ਬੀਬੀ ਨਵਨੀਤ ਕੌਰ, ਬੀਬੀ ਜੀਨਤ ਕੌਰ ਕਿਸਾਨਾਂ ਦੀ ਡਟਵੀਂ ਹਮਾਇਤ ਵਿਚ ਨਿਤਰੀਆਂ।
ਬੀਬੀ ਗੁਰਸ਼ਰਨ ਕੌਰ ਨੇ ਕਿਹਾ ਹੈ ਕਿ ਸਾਡਾ ਕਿਸਾਨ ਕੁਦਰਤ ਦਾ ਦੂਜਾ ਰੂਪ ਹੈ, ਉਸ ਦਾ ਕੰਮ ਸਿਰਫ਼ ਕਿਰਤ ਕਰਨਾ ਹੈ। ਕਿਰਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਇਬਾਦਤ ਦਸਿਆ ਹੈ। ਸੋ ਅਜਿਹੇ ਇਨਸਾਨਾਂ ਨੂੰ ਮੋਦੀ ਸਰਕਾਰ ਤੰਗ ਕਰ ਕੇ ਪਾਪਾਂ ਦੀ ਭਾਗੀ ਬਣ ਰਹੀ ਹੈ। ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਕਰ ਕੇ ਕਿਸਾਨਾਂ ਦਾ ਦਿਲ ਜਿੱਤਣਾ ਚਾਹੀਦਾ ਹੈ। ਇਸ ਮੌਕੇ ਬੀਬੀਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਕ ਘੰਟਾ ਕਿਸੇ ਵੀ ਕੰਮ ਵਾਲੇ ਦਿਨ ਕੱਢ ਕੇ ਜਾਂ ਛੁੱਟੀ ਲੈ ਕੇ ਵ੍ਹਾਈਟ ਹਾਊਸ ਸਾਹਮਣੇ ਕਿਸਾਨਾਂ ਦੀ ਹਮਾਇਤ ਵਿਚ ਜ਼ਰੂਰ ਹਾਜ਼ਰੀ ਲਗਵਾਉਣ।
ਅੱਜ ਦੇ ਜਥੇ ਵਿਚ ਬੀਬੀ ਗੁਰਸ਼ਰਨ ਕੌਰ ਦੀ ਅਗਵਾਈ ਵਿਚ ਖ਼ਾਲਸੇ ਦੀ ਪੁਸ਼ਾਕ ਪਾ ਕੇ ਚੜ੍ਹਦੀ ਕਲਾ ਦੀ ਪ੍ਰਤੀਕ ਬਣ ਕੇ ਕਿਸਾਨ ਮੋਰਚੇ ਨੂੰ ਮਜ਼ਬੂਤੀ ਨਾਲ ਹੁਲਾਰਾ ਦਿਤਾ।