
ਪੰਜਾਬ ਸਰਕਾਰ ਨੂੰ ਵੀ ਗੰਨੇ ਦੇ ਭਾਅ ਨੂੰ ਲੈ ਕੇ ਦਿਤਾ ਅਲਟੀਮੇਟਮ
ਚੰਡੀਗੜ੍ਹ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਘਰ ਪਾ ਕੇ ਮੋਰਚੇ ਸੰਭਾਲੀ ਬੈਠੇ ਹਨ ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਸਮਾਗਮਾਂ ਸਮੇਂ ਮੋਦੀ ਸਰਕਾਰ ਨੂੰ ਯਾਦ ਦਿਵਾਇਆ ਕਿ ਸਾਡੇ ਗੁਰੂ ਜੀ ਨੇ ਤਿਲਕ ਜੰਜੂ ਦੀ ਰਾਖੀ ਕਰ ਕੇ ਹਿੰਦ ਦੀ ਚਾਦਰ ਅਖਵਾਇਆ।
Balvir Singh Rajewal
ਇਹ ਪੰਜਾਬ ਵਿਚ ਵਸਦੇ ਸਿੱਖਾਂ ਨੂੰ ਅਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਕਰਦਾ ਹੈ। ਪਰ ਇਸ ਦਾ ਅਰਥ ਇਹ ਵੀ ਨਹੀਂ ਕਿ ਮੋਦੀ ਸਰਕਾਰ ਗੁਰੂ ਜੀ ਦੇ ਪੈਰੋਕਾਰਾਂ ਨੂੰ ਲੰਮਾਂ ਸਮਾਂ ਸੜਕਾਂ ਉੱਤੇ ਰੋਲੇ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇ ਉਸ ਨੇ ਅਪਣੇ ਬਣਾਏ ਤਿੰਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਾ ਲਏ ਤਾਂ ਪੰਜਾਬ ਅਤੇ ਹਰਿਆਣੇ ਵਾਂਗ ਸਾਰੇ ਦੇਸ਼ ਵਿਚ ਭਾਜਪਾ ਵਿਧਾਇਕਾਂ, ਸੰਸਦਾਂ ਅਤੇ ਆਗੂਆਂ ਦਾ ਵਿਰੋਧ ਸ਼ੁਰੂ ਕੀਤਾ ਜਾ ਸਕਦਾ ਹੈ। ਰਾਜੇਵਾਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਵਿਚ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਕਿਧਰੇ ਬਾਰਦਾਨਾ ਨਹੀਂ ਅਤੇ ਕਿਧਰੇ ਮੰਡੀਆਂ ਵਿਚੋਂ ਲਿਫ਼ਟਿੰਗ ਨਹੀਂ ਹੋ ਰਹੀ।Balvir singh Rajewal
ਬਾਹਰਲੇ ਰਾਜਾਂ ਤੋਂ ਕਣਕ ਵੱਡੀ ਮਾਤਰਾ ਵਿਚ ਧੜਾਧੜ ਆ ਰਹੀ ਹੈ, ਨਤੀਜੇ ਵਜੋਂ ਕਿਸਾਨਾਂ ਵਿਚ ਨਿਰਾਸ਼ਤਾ ਫੈਲ ਰਹੀ ਹੈ। ਪਿੰਡਾਂ ਵਿਚੋਂ ਰੇਹੜਿਆਂ ਵਾਲੇ ਅਤੇ ਛੋਟੇ ਵਪਾਰੀ ਸਥਿਤੀ ਦਾ ਲਾਭ ਉਠਾਉਂਦੇ ਹੋਏ 1700 ਰੁਪਏ ਕੁਇੰਟਲ ਕਣਕ ਖ਼ਰੀਦ ਰਹੇ ਹਨ ਜਿਸ ਦਿਨ ਕਣਕ ਦੀ ਸਰਕਾਰੀ ਖ਼ਰੀਦ ਬੰਦ ਹੋ ਗਈ ਤਾਂ ਕਣਕ 1500 ਰੁਪੈ ਦੇ ਭਾਅ ਵੀ ਨਹੀਂ ਵਿਕਣੀ। ਉਨ੍ਹਾਂ ਪੰਜਾਬ ਸਰਕਾਰ ਨੂੰ ਸਪੱਸ਼ਟ ਕਿਹਾ ਕਿ ਉਹ ਕੇਂਦਰ ਸਰਕਾਰ ਦਾ ਹੱਥਠੋਕਾ ਨਾ ਬਣੇ ਅਤੇ ਕਣਕ ਦੀ ਖ਼ਰੀਦ ਵਿਚ ਕਿਸਾਨਾਂ ਨੂੰ ਖੁਆਰ ਨਾ ਕਰੇ।
Balvir Singh Rajewal
ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 5 ਸਾਲਾਂ ਤੋਂ ਗੰਨੇ ਦੀ ਕੀਮਤ ਵਿਚ ਇਕ ਧੇਲੇ ਦਾ ਵੀ ਵਾਧਾ ਨਹੀਂ ਕੀਤਾ। ਇਸ ਵੇਲੇ ਹਰਿਆਣੇ ਵਿਚ ਕਿਸਾਨਾਂ ਨੂੰ ਗੰਨੇ ਦਾ ਭਾਅ 350 ਰੁਪਏ ਕੁਇੰਟਲ ਮਿਲ ਰਿਹਾ ਹੈ ਜਦਕਿ ਪੰਜਾਬ ਵਿਚ 300 ਰੁਪਏ ’ਤੇ ਹੀ ਖੜਾ ਹੈ। ਇੰਜ ਕਿਸਾਨਾਂ ਨਾਲ ਧੋਖਾ ਕਰ ਕੇ ਪੰਜਾਬ ਸਰਕਾਰ ਕੇਂਦਰ ਦੀਆਂ ਲੀਹਾਂ ਉਤੇ ਤਾਂ ਨਹੀਂ ਚਲ ਰਹੀ।
Balvir Singh Rajewal