
ਇਹ ਕਾਂਗਰਸ ਦੀ ਅੰਦੂਰਨੀ ਜਮੂਹਰੀਅਤ ਦੀ ਨਿਸ਼ਾਨੀ ਹੈ।
ਚੰਡੀਗੜ੍ਹ(ਹਰਦੀਪ ਸਿੰਘ ਭੋਗਲ): ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਲਚਲ ਤੇਜ਼ ਹੋ ਗਈ ਹੈ। ਮਸਲੇ ਦੇ ਕਿਸੇ ਨਤੀਜੇ ’ਤੇ ਨਾ ਪਹੁੰਚਣ ਕਰ ਕੇ ਸੂਬਾ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਹਨ। ਇਸ ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੀ ਅਪਣੀ ਸਰਕਾਰ ’ਤੇ ਵੀ ਸਵਾਲ ਚੁੱਕ ਰਹੇ ਹਨ। ਇਸ ਮੁੱਦੇ ਸਬੰਧੀ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ।
sadhu singh dharamsot
ਸਵਾਲ: ਪੰਜਾਬ ਦੀ ਵਜ਼ਾਰਤ ’ਚ ਹੋਈਆਂ ਸਖ਼ਤ ਤਲਖ਼ੀਆਂ ਨੂੰ ਤੁਸੀ ਕਿਵੇਂ ਵੇਖਦੇ ਹੋ?
ਜਵਾਬ : ਇਹ ਜਿਹੜੀਆਂ ਤਲਖ਼ੀਆਂ ਹਨ, ਇਹ ਗੁੱਸੇ ਗਿਲੇ ਹਨ, ਇਹ ਪਰਵਾਰ ਵਿਚ ਬੈਠ ਕੇ ਹੁੰਦੇ ਰਹਿੰਦੇ ਹਨ ਅਤੇ ਇਹ ਕੱੁਝ ਖ਼ਾਸ ਗੱਲ ਨਹੀਂ ਹੈ। ਇਸ ਵਿਚ ਕੋਈ ਵੀ ਗੜਬੜੀ ਨਹੀਂ ਹੈ। ਇਹ ਕਾਂਗਰਸ ਦੀ ਅੰਦੂਰਨੀ ਜਮੂਹਰੀਅਤ ਦੀ ਨਿਸ਼ਾਨੀ ਹੈ। ਸਿੱਧੂ ਸਾਹਿਬ ਨੂੰ ਕੋਈ ਇਤਰਾਜ਼ ਸੀ ਤਾਂ ਗੱਲ ਜਨਤਕ ਨਹੀਂ ਕਰਨੀ ਚਾਹੀਦੀ ਸੀ।
sadhu singh dharamsot
ਸਵਾਲ: ਨਵਜੋਤ ਸਿੰਘ ਸਿੱਧੂ ਟਵਿੱਟਰ ਅਟੈਕ ਕਰ ਰਹੇ ਹਨ, ਕੈਪਟਨ ਸਾਹਿਬ ਨੇ ਵੀ ਕਹਿ ਦਿਤਾ ਕਿ ਮੇਰੇ ਵਿਰੁਧ ਚੋਣ ਲੜਨੀ ਲੜ ਲੈਣ, ਦਰਵਾਜ਼ੇ ਸਾਡੇ ਵਲੋਂ ਬੰਦ ਨੇ, ਇਸ ਬਾਰੇ ਕੀ ਕਹਿਣਾ ਹੈ?
ਜਵਾਬ: ਕੈਪਟਨ ਸਾਹਿਬ ਨੇ ਜੋ ਵੀ ਕਿਹਾ ਉਹ ਸੋਚ ਸਮਝ ਕੇ ਕਿਹਾ ਹੈ ਤੇ ਬਹੁਤ ਇੰਤਜ਼ਾਰ ਕਰ ਕੇ ਕਿਹਾ ਹੈ। ਤੁਸੀ ਵਾਰ-ਵਾਰ ਅਪਣੇ ਬਜ਼ੁਰਗ ਦੀ ਨਿੰਦਾ ਕੀਤੀ ਤੇ ਵੱਡੇ ਆਗੂ ਦੀ ਨਿਰਾਦਰ ਕਰ ਰਹੇ ਹੋ ਪਰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਹੁੰਦਾ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਧੀਆ ਆਗੂ ਹਨ। ਬੇਅਦਬੀ ਨਾਲ ਜੁੜਿਆ ਸਾਰਾ ਕੰਮ ਅਦਾਲਤ ਦਾ ਹੈ ਤੇ ਨਵੀਂ ਸਿੱਟ ਆਏਗੀ। ਕਿਸੇ ’ਤੇ ਸਿੱਧਾ ਨਿਸ਼ਾਨਾ ਨਹੀਂ ਸਾਧਣਾ ਚਾਹੀਦਾ। ਇਸ ਮਾਮਲੇ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਇਹ ਸਾਰਾ ਫ਼ੈਸਲਾ ਅਦਾਲਤ ਨੇ ਲੈਣਾ ਹੈ। ਕੈਪਟਨ ਸਾਹਿਬ ਲਗਾਤਾਰ ਇਸ ਮਾਮਲੇ ਵਿਚ ਲੱਗੇ ਹੋਏ ਹਨ ਕਿ ਇਸ ਮਾਮਲੇ ਵਿਚ ਇਨਸਾਫ਼ ਮਿਲ ਸਕੇ। ਮੰਤਰੀ ਮੰਡਲ ਵਿਚ ਵੀ ਸਿੱਧੂ ਦੋ ਸਾਲ ਰਹੇ ਪਰ ਢੰਗ ਨਾਲ ਕੰਮ ਨਹੀਂ ਕੀਤਾ।
Navjot Sidhu
ਸਵਾਲ : ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ, ਮੁਨਾਫ਼ਾ ਵੀ ਹੋਇਆ ਪਰ ਫਿਰ ਵੀ ਇਲਜ਼ਾਮ ਲਗਿਆ, ਇਸ ਬਾਰੇ ਕੀ ਕਹਿਣਾ ?
ਜਵਾਬ: ਗੱਲ ਸਿਰਫ਼ ਹੋਲਡਿੰਗਸ ਤੋਂ ਪੈਸਾ ਕਮਾਉਣ ਦੀ ਨਹੀਂ ਬਲਕਿ ਲੋਕਾਂ ਲਈ ਸੜਕਾਂ ਬਣਾਉਣ, ਗਲੀਆਂ-ਨਾਲੀਆਂ ਪੱਕੀਆਂ ਕਰਨ ਅਤੇ ਪਾਣੀ ਪਹੁੰਚਾਉਣ ਦੀ ਹੈ। ਸ਼ਹਿਰ ਦੇ ਵਿਕਾਸ ਦੀ ਜ਼ਰੂਰਤ ਤੇ ਬੋਰਡ ਬਾਅਦ ਵਿਚ ਹਨ। ਗ਼ਰੀਬ ਆਦਮੀ ਬੋਰਡ ਨੂੰ ਕੀ ਕਰੇਗਾ, ਪਹਿਲਾਂ ਉਨ੍ਹਾਂ ਨੂੰ ਸ਼ਹਿਰ ਦੇ ਵਿਕਾਸ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਦਾ ਫ਼ੈਸਲਾ ਸੀ, ਮਹਿਕਮਾ ਬਦਲ ਦਿਤਾ।
CM Punjab and Navjot singh sidhu
ਸਵਾਲ: ਸਿਆਸੀ ਮਾਹਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਪਾਰਟੀ ਵਿਚ ਆਉਣ ਸਾਰ ਕੈਬਨਿਟ ਰੈਂਕ ਮਿਲ ਗਿਆ, ਇਹ ਗੱਲ ਕੈਪਟਨ ਸਾਹਿਬ ’ਤੇ ਲਾਗੂ ਹੁੰਦੀ ਹੈ?
ਜਵਾਬ: ਇਹ ਗੱਲ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਾਂਗਰਸੀ ਸੀ ਤੇ ਉਨ੍ਹਾਂ ਦਾ ਸਾਰਾ ਪਰਵਾਰ ਕਾਂਗਰਸੀ ਸੀ। ਕੈਪਟਨ ਇਹੋ ਜਿਹੇ ਇਨਸਾਨ ਹਨ ਜੋ ਪੰਜਾਬੀਅਤ ਨੂੰ ਪਿਆਰ ਕਰਦੇ ਹੈ। ਉਨ੍ਹਾਂ ਅਸਤੀਫ਼ਾ ਵੀ ਦਿਤਾ ਸੀ ਤੇ ਉਸ ਸਮੇਂ ਕਾਂਗਰਸ ਸਰਕਾਰ ਬਹੁਤ ਕਮਜ਼ੋਰ ਹੋ ਗਈ ਸੀ। ਲੋਕਾਂ ਦੀ ਮੰਗ ’ਤੇ ਇਸ ਵਾਰ ਨਾਹਰਾ ਦਿਤਾ ਸੀ ਕਿ ‘ਕੈਪਟਨ ਲਿਆਉ ਤੇ ਪੰਜਾਬ ਬਚਾਉ’। ਅੱਜ ਕਿਸਾਨ ਅੰਦੋਲਨ ਜੇਕਰ ਮਜ਼ਬੂਤ ਹੋਇਆ ਹੈ ਤਾਂ ਪੰਜਾਬ ਦੀ ਕੈਪਟਨ ਸਰਕਾਰ ਕਰ ਕੇ ਹੀ ਹੋਇਆ ਹੈ।
ਸਵਾਲ: ਜਦੋਂ ਚੰਗੇ ਤੱਥ ਰੱਖੇ ਜਾਣੇ ਸੀ ਉਦੋਂ ਅਤੁਲ ਨੰਦਾ ਮੈਡੀਕਲ ਛੁੱਟੀ ਲੈਂਦੇ ਰਹੇ, ਕੀ ਇਸ ਦਾ ਸਪੱਸ਼ਟੀਕਰਨ ਲਿਆ ਗਿਆ ?
ਜਵਾਬ: ਇਹ ਗੱਲ ਨਹੀਂ ਹੈ, ਲੋਕ ਗੱਲ ਨੂੰ ਵਧਾ ਚੜਾਅ ਕੇ ਦਸ ਰਹੇ ਹਨ। ਇਸ ਗੱਲ ਨੂੰ ਅਤੁਲ ਨੰਦਾ ਨੇ ਜੱਜ ਦੇ ਸਾਹਮਣੇ ਸਪੱਸ਼ਟ ਵੀ ਕੀਤਾ ਸੀ ਕਿ ਮੈਂ ਸਿੱਟ ਨੂੰ ਵੇਖ ਨਹੀਂ ਸਕਦਾ, ਇਹ ਅਦਾਲਤ ਦਾ ਕੰਮ ਹੈ। ਕੈਪਟਨ ਸਾਹਿਬ ਨੇ ਤਾਂ ਸੁਪਰੀਮ ਕੋਰਟ ਦਾ ਰੁੱਖ਼ ਲੈਣ ਦੀ ਵੀ ਗੱਲ ਆਖੀ ਹੈ, ਬਹੁਤ ਸੀਨੀਅਰ ਜੱਜਾਂ ਨਾਲ ਗੱਲਬਾਤ ਕਰ ਕੇ ਰੱਖੀ ਹੋਈ ਹੈ। ਜਿਹੜਾ ਬੰਦਾ ਅਪਣੇ ਸੂਬੇ ਲਈ ਇੰਨੀ ਹਿੰਮਤ ਰਖਦਾ ਹੈ ਉਹ ਕਦੇ ਵੀ ਹਾਰ ਨਹੀਂ ਸਕਦਾ, ਪਿਛੇ ਨਹੀਂ ਹਟ ਸਕਦਾ ਹੈ।
Atul Nanda
ਸਵਾਲ: ਅਕਾਲੀਆਂ ਦੇ ਇਲਜ਼ਾਮ ਹਨ ਕਿ ਕੁੰਵਰ ਵਿਜੈ ਪ੍ਰਤਾਪ ਦੀ ਰਿਪੋਰਟ ਮੰਤਰੀ ਦੇ ਇਸ਼ਾਰੇ ’ਤੇ ਬਣੀ ਹੈ ?
ਜਵਾਬ: ਮਜੀਠੀਆ ਨੂੰ ਅੱਜ ਚਿੱਟੇ ਨਾਲ ਜਾਣਦੇ ਹਨ ਤੇ ਸੁਖਬੀਰ ਬਾਦਲ ਨੂੰ ਜਿਹੜਾ ਸਟੇਜ ’ਤੇ ਅਪਣੇ ਪਿਤਾ ਨੂੰ ਬੋਲ ਸਕਦਾ ਤੁਸੀ ਮੇਰੇ ਪਿਤਾ ਦੇ ਸਮਾਨ ਹੋ ਤੇ ਜੋ ਇਹ ਬੋਲ ਸਕਦਾ ਹੈ ਉਹ ਬੰਦਾ ਕਿੰਨਾ ਦਿਮਾਗ ਰਖਦਾ ਹੋਵੇਗਾ। ਸਾਡੀ ਸਰਕਾਰ ਭਾਵੇਂ ਲੀਡਰ ਹੋਵੇ ਜਾਂ ਕੋਈ ਪੁਲਿਸ ਵਾਲਾ ਜੋ ਵੀ ਦੋਸ਼ੀ ਹੋਇਆ ਉਸ ਨੂੰ ਫੜੇਗੀ।
Sukhbir Badal
ਸਵਾਲ: ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਸੱਭ ਤੋਂ ਅਹਿਮ ਜਾਂਚ ਰਹੀ ਤੇ ਉਨ੍ਹਾਂ ਦੀ ਰਿਪੋਰਟ ਤੇ ਸਵਾਲ ਕਿਉਂ?
ਜਵਾਬ: ਹਾਈ ਕੋਰਟ ਨੇ ਇਹ ਇਤਰਾਜ਼ ਪ੍ਰਗਟਾਇਆ ਹੈ ਕਿ ਸਿੱਟ ਦੇ ਸਾਰੇ ਮੈਂਬਰਾਂ ਦੇ ਦਸਤਖ਼ਤ ਨਹੀਂ, ਸਿੱਟ ਦੇ ਅੰਦੂਰਨੀ ਮਤਭੇਦ ਨੂੰ ਸੁਲਝਾਉਣਾ ਚਾਹੀਦਾ ਸੀ। ਹਾਈ ਕੋਰਟ ਨੇ ਜੇ ਫ਼ੈਸਲਾ ਕੀਤਾ ਹੈ ਤਾਂ ਨਵੀਂ ਸਿੱਟ ਬਣੇਗੀ ਅਤੇ ਪੰਜਾਬ ਸਰਕਾਰ ਜਲਦ ਤੋਂ ਜਲਦ ਇਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰੇਗੀ, ਜੇ ਸੁਪਰੀਮ ਕੋਰਟ ਜਾਣਾ ਪਿਆ ਤਾਂ ਜਾਵਾਂਗੇ।
Kunwar Vijay Partap Singh
ਸਵਾਲ: ਤੁਹਾਡੇ ਅਪਣੇ ਵਿਧਾਇਕ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ 2002 ਵਾਲੇ ਕੈਪਟਨ ਇਸ ਕਾਰਜਕਾਲ ’ਚ ਨਜ਼ਰ ਨਹੀਂ ਆਏ?
ਜਵਾਬ: ਸਿੱਧੂ ਅਤੇ ਪ੍ਰਗਟ ਉਸ ਸਮੇਂ ਅਕਾਲੀ ਸਰਕਾਰ ਦਾ ਹਿੱਸਾ ਸੀ ਤਾਂ ਉਸ ਵੇਲੇ ਉਨ੍ਹਾਂ ਹਾਅ ਦਾ ਨਾਅਰਾ ਕਿਉਂ ਨਹੀਂ ਮਾਰਿਆ, ਹੁਣ ਕਿਉਂ ਬੋਲ ਰਹੇ ਹਨ। ਅਪਣੇ ਹੀ ਆਗੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।