
ਪਰਮਬੰਸ ਸਿੰਘ ਰੋਮਾਣਾ ਨੇ ਨੰਬਰ ਕੀਤੇ ਜਾਰੀ, ਕਿਹਾ ਕਿ ਮਰੀਜ਼ ਪਲਾਜ਼ਮਾ ਡੋਨੇਸ਼ਨ ਪ੍ਰਾਪਤ ਕਰਨ ਲਈ ਪਹੁੰਚ ਕਰ ਸਕਦੇ ਹਨ
ਚੰਡੀਗੜ੍ਹ, 30 ਅਪ੍ਰੈਲ : ਯੂਥ ਅਕਾਲੀ ਦਲ ਨੇ ਅੱਜ ਸੂਬੇ ਵਿਚ ਪਲਾਜ਼ਮਾ ਬੈਂਕ ਸਥਾਪਿਤ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਉਸ ਕੋਲ 200 ਡੋਨਰ ਤਿਆਰ ਬਰ ਤਿਆਰ ਹਨ ਅਤੇ ਉਹ ਪਲਾਜ਼ਮਾ ਦਾਨ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰ ਰਿਹਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਪੀਲ ਮਗਰੋਂ ਇਹ ਬੈਂਕ ਸਥਾਪਿਤ ਕੀਤਾ ਹੈ, ਨੇ ਦੱਸਿਆ ਕਿ ਯੂਥ ਅਕਾਲੀ ਦਲ ਹੋਰ ਯੋਗ ਡੋਨਰਾਂ ਤੱਕ ਪਹੁੰਚ ਕਰੇਗਾ। ਉਹਨਾਂ ਦੱਸਿਆ ਕਿ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਜੋ ਕੋਰੋਨਾ ਪਾਜ਼ੀਟਿਵ ਆ ਗਏ ਸਨ, ਸਮੇਤ ਅਕਾਲੀ ਲੀਡਰਸ਼ਿਪ ਨੇ ਵੀ ਪਹਿਲਕਦਮੀ ਵਾਸਤੇ ਰਜਿਸਟਰੇਸ਼ਨ ਕਰਵਾਈ ਹੈ।
Parambans Singh Romana
ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਦਾਨੀਆਂ ਦੇ ਨਾਂ ਤੇ ਉਹਨਾਂ ਦੇ ਬਲੱਡ ਗਰੁੱਪ ਅਤੇ ਫੋਨ ਨੰਬਰ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਤਿੰਨ ਫੋਨ ਨੰਬਰਾਂ 99080-00013, 97791-71507 ਅਤੇ 84275-44763 ’ਤੇ ਲੋਕ ਸੰਪਰਕ ਕਰ ਸਕਦੇ ਹਨ ਜਿਹਨਾਂ ਨੁੰ ਤੁਰੰਤ ਪਲਾਜ਼ਮਾ ਬੈਂਕ ਤੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ੍ਰੀ ਰੋਮਾਣਾ ਨੇ ਕਿਹਾ ਕਿ ਜਿਹੜੇ ਮਰੀਜ਼ਾਂ ਨੁੰ ਪਲਾਜ਼ਮਾਂ ਦੀ ਜ਼ਰੂਰਤ ਹੋਵੇ, ਉਹ ਟਵਿੱਟਰ ’ਤੇ ਉਹਨਾਂ ਨੁੰ ਟੈਗ ਕਰ ਦੇਣ ਤਾਂ ਤੁਰੰਤ ਢੁਕਵਾਂ ਜਵਾਬ ਮਿਲੇਗਾ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਇਹ ਯਕੀਨੀ ਬਣਾਏਗਾ ਕਿ ਪਲਾਜ਼ਮਾ ਨਾ ਹੋਣ ਕਾਰਨ ਕਿਸੇ ਦੀ ਜਾਨ ਨਾ ਜਾਵੇ।
captain Amarinder Singh
ਇਸ ਦੌਰਾਲ ਰੋਮਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਦੋਵੇਂ ਹੀ ਕੋਰੋਨਾ ਦੇ ਫੈਲਾਅ ਤੇ ਮੌਤਾਂ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਥਾਂ ਕਈ ਰਾਜਾਂ ਦੀਆਂ ਚੋਣਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੁੰ ਚੋਣਾਂ ਵਾਲੇ ਰਾਜਾਂ ਵਿਚ ਰੈਲੀਆਂ ਦੀ ਬਹੁਤ ਚਿੰਤਾ ਰਹੀ ਤੇ ਇਹਨਾਂ ਰੈਲੀਆਂ ਕਾਰਨ ਕੋਰੋਨਾ ਵੱਡੀ ਪੱਧਰ ’ਤੇ ਫੈਲਿਆ। ਉਹਨਾਂ ਕਿਹਾÇ ਕ ਇਸ ਤੋਂ ਇਲਾਵਾ ਦਵਾਈਆਂ ਤੇ ਵੈਕਸੀਨ ਦਾ ਪ੍ਰਬੰਧ ਕਰਨ ਦੇ ਯਤਨ ਵੀ ਢਿੱਲੇ ਰਹੇ ਜਿਸ ਕਾਰਨ ਕੋਰੋਨਾ ਤਬਾਹੀ ਮਚਾਉਣ ਵਾਲੇ ਪਾਸੇ ਹੋ ਗਿਆ।
Parambans Singh Romana
ਪੰਜਾਬ ਸਰਕਾਰ ਦੀ ਭੂਮਿਕਾ ਦੀ ਗੱਲ ਕਰਦਿਆਂ ਰੋਮਾਣਾ ਨੈ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਹੋ ਕੇ ਅਗਵਾਈ ਕਰਨ ਵਿਚ ਨਾਕਾਮ ਰਹੇ ਹਨ ਤੇ ਉਹਨਾਂ ਨੇ ਪਿਛਲੇ ਇਕ ਸਾਲ ਤੋਂ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ਵਿਚ ਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਵੀ ਉਹਨਾਂ ਦੇ ਰਾਹ ਤੁਰ ਪੲੈ ਹਨ ਤੇ ਪੰਜਾਬ ਵਿਚ ਮਹਾਮਾਰੀ ਫੈਲਣ ਤੋਂ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।ਉਹਨਾਂ ਕਿਹਾ ਕਿ ਹੁਣ ਤੱਕ ਕੋਰੋਨਾ ਨਾਲ ਪੰਜਾਬ ਵਿਚ 9000 ਮੌਤਾਂ ਹੋ ਗਈਆਂ ਹਨ ਤੇ ਮੌਤ ਦਰ 2.4 ਦੀ ਕੌਮੀ ਔਸਤ ਨਾਲੋਂ ਦੁੱਗਣੀ ਔਸਤ ਹੈ। ਉਹਨਾਂ ਕਿਹਾ ਕਿ ਕਈ ਦਿਹਾਤੀ ਇਲਾਕਿਆਂ ਵਿਚ ਤਾਂ ਮੌਤ ਦਰ 2.8 ਤੋਂ ਵੀ ਜ਼ਿਆਦਾ ਹੈ। ਉਹਨਾਂ ਕਿਹਾ ਕਿ ਰੋਜ਼ਾਨਾ 100 ਦੇ ਕਰੀਬ ਲੋਕ ਕੋਰੋਨਾ ਨਾਲ ਮਰ ਰਹੇ ਹਨ।
Navjot singh sidhu
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਾਲੇ ਵੀ ਸਬਕ ਨਹੀਂ ਸਿੱਖਿਆ। ਉਹਨਾਂ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਸਿਖਰਲੇ ਸਥਾਨ ਲਈ ਭਿੜ ਰਹੇ ਹਨ। ਉਹਨਾਂ ਕਿਹਾ ਕਿ ਹੋਰ ਮੰਤਰੀ ਵੀ ਦੌੜ ਵਿਚ ਕੁੱਦ ਪਏ ਹਨ ਤੇ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਆਕਸੀਜ਼ਨ, ਦਵਾਈਆਂ ਤੇ ਵੈਕਸੀਨ ਦੀ ਸਪਲਾਈ ਨਿਯਮਿਤ ਕਰਨ ਵਾਸਤੇ ਕੁਝ ਨਹੀਂ ਕੀਤਾ ਗਿਆ ਜਿਸ ਕਾਰਨ ਪੰਜਾਬ ਕੋਰੋਨਾ ਦੇ ਮਾਮਲੇ ਵਿਚ ਦੇਸ਼ ਦਾ ਸਭ ਤੋਂ ਪੀੜਤ ਰਾਜ ਬਣ ਗਿਆ ਹੈ।
Parambans Singh Romana
ਰੋਮਾਣਾ ਨੇ ਕਿਹਾ ਕਿ ਜਿਥੇ ਕਾਂਗਰਸ ਸਰਕਾਰ ਆਪਣੇ ਫਰਜ਼ ਤੋਂ ਭੱਜ ਗਈ ਹੈ, ਉਥੇ ਹੀ ਵੱਖ ਵੱਖ ਗੈਰ ਸਰਕਾਰੀ ਸੰਗਠਨ ਤੇ ਧਾਰਮਿਕ ਜਥੇਬੰਦੀਆਂ ਕੋਰੋਨਾ ਮਰੀਜ਼ਾਂ ਦੇ ਰਾਹਤ ਵਾਸਤੇ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੋਵੇਂ ਕੋਰੋਨਾ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਦੁੱਖ ਘੱਟ ਕਰਨ ਵਾਸਤੇ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣੇ ਚਾਹੀਦੇ ਹਨ।