
ਗੈਸ ਲੀਕ ਹੋਣ ਦੇ 300 ਮੀਟਰ ਦੇ ਘੇਰੇ ਵਿਚ ਜੋ ਵੀ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ
ਲੁਧਿਆਣਾ - ਲੁਧਿਆਣਾ 'ਚ ਫੈਕਟਰੀ 'ਚ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਸ਼ਹਿਰ ਦੇ ਗਿਆਸਪੁਰ ਇਲਾਕੇ ਵਿਚ ਸਿਤਾਰਾ ਸਿਨੇਮਾ ਨੇੜੇ ਇਕ ਫੈਕਟਰੀ ਵਿਚ ਗੈਸ ਲੀਕ ਹੋਣ ਕਾਰਨ ਦਰਜਨ ਤੋਂ ਵੱਧ ਲੋਕ ਬੇਹੋਸ਼ ਹੋ ਗਏ ਅਤੇ 6 ਦੀ ਮੌਤ ਹੋ ਜਾਣ ਦੀ ਖਬਰ ਹੈ। ਜਿਸ ਕਾਰਨ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਉਸ ਇਲਾਕੇ ਵੱਲ ਜਾਣ ਤੋਂ ਰੋਕ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਗੋਇਲ ਮਿਲਕ ਪਲਾਂਟ ਨਾਮ ਦੀ ਇਸ ਫੈਕਟਰੀ ਵਿਚ ਵੱਡੀਆਂ ਕੰਪਨੀਆਂ ਦੇ ਡੇਅਰੀ ਉਤਪਾਦ ਆਉਂਦੇ ਹਨ ਅਤੇ ਅੱਗੇ ਸਪਲਾਈ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਠੰਡਾ ਕਰਨ ਲਈ ਵਰਤੀ ਜਾਣ ਵਾਲੀ ਗੈਸ ਲੀਕ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਘਰਾਂ ਦੇ ਲੋਕ ਆਪਣੇ ਘਰਾਂ ਵਿਚ ਬੇਹੋਸ਼ ਹੋ ਗਏ ਹਨ ਅਤੇ ਕੋਈ ਵੀ ਉਥੋਂ ਜਾਣ ਦੇ ਯੋਗ ਨਹੀਂ ਹੈ।
ਸੂਤਰਾਂ ਅਨੁਸਾਰ ਗੈਸ ਲੀਕ ਹੋਣ ਦੇ 300 ਮੀਟਰ ਦੇ ਘੇਰੇ ਵਿਚ ਜੋ ਵੀ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਉੱਥੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਮੌਕੇ 'ਤੇ ਸਮਾਜਿਕ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਪਹੁੰਚ ਗਈਆਂ ਹਨ ਅਤੇ ਬੇਹੋਸ਼ ਹੋਏ ਲੋਕਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।