
ਵਿਦਿਆਰਥੀਆਂ ਬੁੱਧਵਾਰ ਸਵੇਰੇ ਦੇਖ ਸਕਣਗੇ ਆਪਣੇ ਨਤੀਜੇ
PSEB Result News : ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਦੇ ਨਤੀਜਿਆਂ ਦੌਰਾਨ ਪੂਰੇ ਸੂਬੇ 'ਚੋਂ ਮੁੰਡਿਆਂ ਨੇ ਬਾਜ਼ੀ ਮਾਰੀ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਏਕਮਪ੍ਰੀਤ ਸਿੰਘ ਨੇ 100 ਫ਼ੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਏਕਮਪ੍ਰੀਤ ਸਿੰਘ ਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਇਸੇ ਕਾਮਰਸ ਗਰੁੱਪ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਨੇ 100 ਫ਼ੀਸਦੀ ਨੰਬਰਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਬਠਿੰਡਾ ਦੇ ਅਸ਼ਵਨੀ ਨੇ ਤੀਜਾ ਸਥਾਨ ਹਾਸਲ ਕੀਤਾ ਹੈ, ਜਿਸ ਦੇ 99.80 ਫ਼ੀਸਦੀ ਨੰਬਰ ਆਏ ਹਨ।
ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੋਰਡ ਅਧਿਕਾਰੀਆਂ ਮੁਤਾਬਕ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਤਰੁੱਟੀ ਹੁੰਦੀ ਹੈ ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਹੋਈ ਸੀ। ਇਸ ਦੇ ਨਾਲ ਹੀ 5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 5ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ।